* ਪੰਜਾਬ ਪ੍ਰਧਾਨ ਦੀ ਅਗਵਾਈ ‘ਚ ਹੋਵੇਗਾ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ
ਫਗਵਾੜਾ (ਡਾ ਰਮਨ ) ਜ਼ਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਨੇ ਦੱਸਿਆ ਕਿ ਜੇਕਰ ਕਿਸਾਨ ਵਿਰੋਧੀ ਖੇਤੀ ਬਿਲਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਜਲਦੀ ਵਾਪਸ ਨਾ ਲਿਆ ਤਾਂ ਨੇੜਲੇ ਭਵਿੱਖ ਵਿਚ ਯੂਥ ਕਾਂਗਰਸ ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ ਅਤੇ ਯੂਥ ਇੰਚਾਰਜ ਬੰਟੀ ਸ਼ੈਲਕੇ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦਾ ਘਿਰਾਓ ਕਰੇਗੀ। ਉਹਨਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ ਅਤੇ ਇੰਚਾਰਜ ਬੰਟੀ ਸ਼ੈਲਕੇ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਇਹ ਘਿਰਾਓ ਪੰਜਾਬ ਪੱਧਰ ਦਾ ਹੋਵੇਗਾ ਜਿਸ ਵਿਚ ਪੂਰੇ ਪੰਜਾਬ ਤੋਂ ਹਜਾਰਾਂ ਦੀ ਗਿਣਤੀ ਵਿਚ ਯੂਥ ਵਰਕਰਾਂ ਤੋਂ ਇਲਾਵਾ ਯੂਥ ਕਾਂਗਰਸ ਦੇ ਆਲ ਇੰਡੀਆ ਦੇ ਪ੍ਰਧਾਨ ਸ੍ਰੀ ਨਿਵਾਸ ਬੀ ਵੀ ਅਤੇ ਕ੍ਰਿਸ਼ਨਾ ਅਲਵਾਰੂ ਇੰਚਾਰਜ ਆਲ ਇੰਡੀਆ ਯੂਥ ਕਾਂਗਰਸ ਵੀ ਸ਼ਾਮਲ ਹੋਣਗੇ। ਖੁੱਲਰ ਨੇ ਕਿਹਾ ਕਿ ਕਿਸਾਨਾ ਵਲੋਂ ਲਗਾਤਾਰ ਖੇਤੀ ਕਾਨੂੰਨਾ ਦਾ ਵਿਰੋਧ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਆਪਣੀ ਜਿੱਦ ਨਹੀਂ ਛਡ ਰਹੀ ਜੋ ਨਿੰਦਣਯੋਗ ਹੈ। ਯੂਥ ਕਾਂਗਰਸ ਕਿਸਾਨਾ ਨਾਲ ਪੂਰੀ ਹਮਦਰਦੀ ਰੱਖਦੇ ਹੋਏ ਚੱਟਾਨ ਵਾਂਗੁ ਖੜੀ ਹੈ। ਇਸ ਵਾਰ ਮੋਦੀ ਸਰਕਾਰ ਦੀ ਜਿੱਦ ਨਹੀਂ ਚੱਲਣ ਦਿੱਤੀ ਜਾਵੇਗੀ। ਕੇਂਦਰ ਨੂੰ ਹਰ ਹਾਲ ਵਿਚ ਕਿਸਾਨਾ ਅੱਗੇ ਝੁਕਣਾ ਪਵੇਗਾ ਅਤੇ ਖੇਤੀ ਬਿਲ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। ਜੇਕਰ ਫਿਰ ਵੀ ਮੋਦੀ ਸਰਕਾਰ ਢਿਠਾਈ ਨਹੀਂ ਛੱਡਦੀ ਤਾਂ ਆਉਣ ਵਾਲੀ ਹਰ ਚੋਣ ਵਿਚ ਪੰਜਾਬ ਤੋਂ ਭਾਜਪਾ ਦਾ ਸੂਪੜਾ ਸਾਫ ਕੀਤਾ ਜਾਵੇਗਾ।