ਫਗਵਾੜਾ (ਡਾ ਰਮਨ)

ਸਥਾਨਕ ਸ਼ਹਿਰ ਤੋਂ ਵੱਖ – ਵੱਖ ਪਿੰਡਾਂ ਅਤੇ ਸ਼ਹਿਰਾਂ ਨੂੰ ਜਾਣ ਵਾਲੀਆਂ ਮੇਨ ਸੜਕਾਂ ਦੇ ਦੋਹਾਂ ਕਿਨਾਰਿਆਂ ਉਪਰ ਅੱਜ ਕੱਲ ਕੰਡਿਆਲੀਆਂ ਪਹਾੜੀ ਕਿਕਰਾਂ ਅਤੇ ਭੰਗ ਬੂਟੀ ਦੀਆਂ ਝਾੜੀਆਂ ਦੀ ਇਸ ਕਦਰ ਭਰਮਾਰ ਹੈ ਕਿ ਲੋਕਾਂ ਦਾ ਗੁਜਰਨਾ ਮੁਸ਼ਕਿਲ ਹੋ ਗਿਆ ਹੈ । ਜਿਸ ਦੇ ਚੱਲਦਿਆਂ ਜਿਆਦਾਤਰ ਲੋਕਾ ਦੇ ਸਫਰ ਦੌਰਾਨ ਜਾਂ ਓਵਰ ਟੇਕ ਕਰਦੇ ਸਮੇਂ ਕੱਪੜੇ ਹੀ ਇਹਨਾਂ ਕਿਕਰਾਂ ਵਿੱਚ ਫਸ ਜਾਂਦੇ ਜਾਂ ਅੱਖਾਂ -ਮੂੰਹਾਂ ਵਿੱਚ ਵਜਦੇ ਹਨ ਤਾਂ ਉਹ ਘਬਰਾ ਕੇ ਡਿੱਗ ਜਾਂਦੇ ਹਨ ਤੇ ਉਹ ਸੱਟਾਂ ਲਗਵਾ ਲੈਂਦੇ ਹਨ ।ਰਾਤ ਨੂੰ ਤਾਂ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ ਕਿਉਂਕਿ ਕਈ ਸੜਕਾਂ ‘ਤੇ ਸਟਰੀਟ ਲਾਈਟਾਂ ਨਹੀਂ ਹਨ ਅਤੇ ਪਿਛੋਂ ਆ ਰਹੀਆਂ ਤੇਜ ਰਫਤਾਰ ਵਾਹਨਾਂ ਤੋਂ ਬਚਣ ਲਈ ਜਦੋਂ ਦੋ ਪਹੀਆ ਵਾਹਨ ਚਾਲਕ ਸਾਇਡ ਤੇ ਹੁੰਦੇ ਹਨ ਤਾਂ ਉਕਤ ਕਿਕਰਾਂ ਦਾ ਸ਼ਿਕਾਰ ਹੋ ਬੈਠਦੇ ਹਨ । ਇਸ ਤੋਂ ਇਲਾਵਾ ਸੜਕਾਂ ਦੇ ਕਿਨਾਰਿਆਂ ਤੇ ਉਗੀ ਭੰਗ ਬੂਟੀ ਵੀ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ ਕਿਉਂਕਿ ਕਈ ਵਾਰ ਅਕਸਰ ਹੀ ਕੋਈ ਨਾ ਕੋਈ ਜਾਨਵਰ ਜਾਂ ਪਸ਼ੂ ਸੜਕ ਦੇ ਉਪਰ ਭੱਜ ਕੇ ਵਾਹਨ ਦੇ ਮੋਹਰੇ ਆ ਜਾਂਦੇ ਹਨ ਤਾਂ ਵਾਹਨ ਚਾਲਕ ਦਾ ਸੰਤੁਲਨ ਵਿਗੜਨ ਕਾਰਨ ਕਈ ਭਿਆਨਕ ਹਾਦਸੇ ਵਾਪਰਨ ਦਾ ਡਰ ਹਮੇਸ਼ਾਂ ਬਣਿਆਂ ਰਹਿੰਦਾ ਹੈ ਤੇ ਅੱਜ ਕੱਲ ਲੁੱਟਾਂ ਖੋਹਾਂ ਦਾ ਵੀ ਦੌਰ ਚੱਲ ਰਿਹਾ ਹੈ ਅਤੇ ਉਕਤ ਭੰਗ ਬੂਟੀ ਵੀ ਸਮਾਜ ਵਿਰੋਧੀ ਅਨਸਰਾਂ ਲਈ ਪਨਾਹਗਾਹ ਬਣੀ ਹੋਈ ਹੈ । ਸੜਕਾਂ ਤੇ ਰਾਤ ਨੂੰ ਸਫਰ ਕਰਨ ਵਾਲੇ ਲੋਕ ਉਕਤ ਸਮੱਸਿਆ ਤੋਂ ਬੇਹੱਦ ਪਰੇਸ਼ਾਨ ਅਤੇ ਦੁੱਖੀ ਹਨ । ਉਹਨਾਂ ਦੀ ਸਥਾਨਕ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਹੈ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ।