62ਵਾਂ ਦਿਨ ਬੀਤ ਜਾਣ ਤੱਕ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਵਿੱਚ ਕਮੇਟੀ ਅਸਫ਼ਲ

(ਅਸ਼ੋਕ ਲਾਲ)
ਨੰਬਰਦਾਰ ਯੂਨੀਅਨ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਵੱਲੋਂ ਲੋਕ ਹਿੱਤ ਲਈ ਵਿੱਢੇ ਗਏ ਸੰਘਰਸ਼ ਨੂੰ ਉਦੋਂ ਵਿਰਾਮ ਮਿਲਿਆ ਜਦੋਂ ਨਗਰ ਕੌਂਸਲ ਨੂਰਮਹਿਲ ਨੇ 51ਵੇਂ ਦਿਨ ਬਾਅਦ ਗੁਰਦੁਆਰਾ 7ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿ ਰਾਏ ਜੀ ਅਤੇ ਸ਼ਾਹ ਫ਼ਤਹਿ ਅਲੀ ਧਾਰਮਿਕ ਅਸਥਾਨ ਦੇ ਬਾਹਰ ਪ੍ਰਮੁੱਖ ਸੜਕ ਵਿਚਕਾਰ ਬਣੇ ਖੂਨੀ ਟੋਏ ਅਤੇ ਛੱਪੜ ਬਣੀ ਸੜਕ ਨੂੰ ਇੰਟਰਲਾਕ ਟਾਇਲ ਲਗਾਕੇ ਬਣਾ ਦਿੱਤਾ। ਲੋਕਾਂ ਇਸ ਖੁਸ਼ੀ ਦੇ ਮੌਕੇ ਜੇਤੂ ਨਿਸ਼ਾਨ ਬਣਾਕੇ ਆਪਣੀ ਖੁਸ਼ੀ ਦਾ ਇਜ਼ਹਾਰ ਪ੍ਰਗਟ ਕੀਤਾ। ਲੋਕਾਂ ਦੱਸਿਆ ਕਿ ਇਸ ਟੁੱਟੀ ਹੋਈ ਸੜਕ ਕਾਰਣ ਅਨੇਕਾਂ ਲੋਕ ਆਪਣੀ ਹੱਡੀਆਂ-ਪਸਲੀਆਂ, ਜਬਾੜੇ ਅਤੇ ਵਾਹਨ ਆਦਿ ਤੁੜਵਾ ਚੁੱਕੇ ਸਨ ਜਿਹਨਾਂ ਨੂੰ ਦੇਖਦਿਆਂ ਹੋਇਆਂ ਆਸ-ਪਾਸ ਦੇ ਲੋਕਾਂ ਅਤੇ ਮੁਹੱਲਾ ਨਿਵਾਸੀਆਂ ਨੇ ਨੰਬਰਦਾਰ ਅਸ਼ੋਕ ਸੰਧੂ ਨਾਲ ਸੰਪਰਕ ਸਾਧਿਆ। ਨਤੀਜਨ ਕੜੇ ਸੰਘਰਸ਼ ਉਪਰੰਤ ਬੜੀ ਮੁਸ਼ਕਲ ਨਾਲ ਸਫਲਤਾ ਪ੍ਰਾਪਤ ਹੋਈ।
                   
ਇਸ ਮੌਕੇ ਸ਼੍ਰੀ ਓਮ ਪ੍ਰਕਾਸ਼, ਸੋਨੀਆਂ ਭੋਗਲ, ਦਿਨਕਰ ਸੰਧੂ, ਧਰਮਪਾਲ ਅਤੇ ਨੰਬਰਦਾਰ ਅਸ਼ੋਕ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਸੜਕ ਬਣਨ ਨਾਲ ਹਾਦਸੇ ਨਹੀਂ ਹੋਣਗੇ ਪਰ ਇੱਕ ਗੱਲ ਅਫ਼ਸੋਸਜਨਕ ਵੀ ਹੈ ਕਿ ਸੀਵਰੇਜ ਲੀਕੇਜ਼ ਦੀ ਸਮੱਸਿਆ 62ਵੇਂ ਦਿਨ ਵੀ ਜਿਓਂ ਦੀ ਤਿਉਂ ਹੀ ਹੈ ਜਿਸ ਨਾਲ ਆਉਣ ਵਾਲੇ ਚੰਦ ਕੁ ਦਿਨਾਂ ਵਿੱਚ ਸੜਕ ਦੇ ਹਾਲਾਤ ਪਹਿਲਾਂ ਨਾਲੋਂ ਵੀ ਵਧੇਰੇ ਬਦਤਰ ਹੋ ਜਾਣਗੇ। ਇਸ ਲਈ ਸੀਵਰੇਜ ਦੀ ਸਮੱਸਿਆ ਵੱਲ ਨਗਰ ਕੌਂਸਲ ਜਾਂ ਸੰਬੰਧਤ ਵਿਭਾਗ ਦੇ ਇੰਜੀਨੀਅਰ ਵਿਸ਼ੇਸ਼ ਅਤੇ ਤੁਰੰਤ ਧਿਆਨ ਦੇਣ। ਲੋਕਾਂ ਨੇ ਮੰਗ ਕੀਤੀ ਕਿ ਇਸ ਜਗ੍ਹਾ ਦੇ ਨਾਲ ਜੋ ਪੁਲੀ ਟੁੱਟੀ ਹੋਈ ਹੈ ਉਸਨੂੰ ਵੀ ਤੁਰੰਤ ਬਣਾਇਆ ਜਾਵੇ।