ਕੱਲ ਰਾਤ ਤੋਂ ਹੋ ਰਹੀ ਬਰਸਾਤ ਅਤੇ ਪਹਾੜੀ ਇਲਾਕਿਆਂ ਵਿਚ ਭਾਰੀ ਬਰਫਬਾਰੀ ਦੀ ਬਦੌਲਤ ਸਮੁੱਚੇ ਪੰਜਾਬ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਜਿਥੇ ਇਨਸਾਨ ਆਪੋ ਆਪਣੇ ਘਰਾਂ ਵਿਚ ਬੈਠ ਗਏ ਹਨ, ਉਥੇ ਹੀ ਇਸ ਕੜਾਕੇ ਦੀ ਠੰਢ ਦਾ ਮਾਰੂ ਅਸਰ ਜਾਨਵਰਾਂ ਅਤੇ ਪੰਛੀਆਂ ‘ਤੇ ਵੀ ਵੇਖਣ ਨੂੰ ਮਿਲਿਆ ਹੈ। ਬਰਸਾਤ ਵਿਚ ਜਾਨਵਰਾਂ ਤੇ ਪੰਛੀਆਂ ਨੂੰ ਸਿਰ ਲੁਕੋਣ ਲਈ ਥਾਂ ਨਸੀਬ ਨਹੀਂ ਹੋ ਰਹੀ ਅਤੇ ਸ਼ਹਿਰ ਦੇ ਰੱਖ ਬਾਗ ਅਤੇ ਰੋਜ਼ ਗਾਰਡਨ ਵਿਚ ਠੰਢ ਕਾਰਨ ਕਈ ਪੰਛੀਆਂ ਦੀ ਮੌਤ ਹੋਣ ਦੀ ਸੂਚਨਾ ਹੈ।
ਰੱਖਬਾਗ ਦੀ ਦੇਖਭਾਲ ਕਰਨ ਵਾਲੇ ਮਾਲੀ ਨੇ ਦੱਸਿਆ ਕਿ ਅੱਜ ਸਵੇਰੇ ਦੋ ਪੰਛੀ ਮਰੇ ਹੋਏ ਮਿਲੇ ਹਨ। ਉਹਨਾਂ ਕਿਹਾ ਕਿ ਠੰਢ ਕਾਰਨ ਪੰਛੀਆਂ ਦੇ ਮਰਨ ਦਾ ਕ੍ਰਮ ਤੇਜ਼ ਹੋ ਰਿਹਾ ਹੈ ਤੇ ਇਸਦਾ ਮੁੱਖ ਕਾਰਨ ਕੜਾਕੇ ਦੀ ਠੰਢ ਦੇ ਨਾਲ ਨਾਲ ਬਰਸਾਤ ਦਾ ਹੋਣਾ ਹੈ। ਉਹਨਾਂ ਦੱਸਿਆ ਕਿ ਪੰਛੀਆਂ ਨੂੰ ਰੋਜ਼ਾਨਾ ਦਾਣਾ ਪਾਉਣ ਵਾਲੇ ਵੀ ਕੁਦਰਤ ਦੀ ਇਸ ਕੁਰੋਪੀ ਨੂੰ ਵੇਖ ਕੇ ਹੈਰਾਨ ਹਨ। ਇਕੱਲੇ ਲੁਧਿਆਣਾ ਦੇ ਹੀ ਦੋ ਪਾਰਕਾਂ ਵਿਚ 7 ਤੋਂ 8 ਪੰਛੀ ਇਕ ਦਿਨ ਵਿਚ ਮਰੇ ਪਾਏ ਗਏ ਹਨ।