ਫਗਵਾੜਾ (ਡਾ ਰਮਨ /ਅਜੇ ਕੋਛੜ )
ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲਾ ਵਾਸੀਆਂ ਨੂੰ ਜੀਵਨ ਰੱਖਿਅਕ ਦਵਾਈਆਂ ਅਤੇ ਹੋਰਨਾਂ ਸਬੰਧਤ ਵਸਤਾਂ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਫੂਡ ਤੇ ਡਰੱਗ ਪ੍ਰਬੰਧਨ ਵਿਭਾਗ ਵੱਲੋਂ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਡਰੱਗਜ਼ ਇੰਸਪੈਕਟਰ ਅਨੂਪਮਾ ਕਾਲੀਆ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ ਇਸ ਚੈਕਿੰਗ ਦੌਰਾਨ ਕੈਮਿਸਟਾਂ ਕੋਲ ਫੇਸ ਮਾਸਕਾਂ ਅਤੇ ਹੈਂਡ ਸੈਨੇਟਾਈਜ਼ਰਾਂ ਆਦਿ ਦੀ ਉਪਲਬੱਧਤਾ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕੈਮਿਸਟਾਂ ਨੂੰ ਹਦਾਇਤ ਕੀਤੀ ਗਈ ਕਿ ਜੀਵਨ ਰੱਖਿਅਕ ਦਵਾਈਆਂ, ਫੇਸ ਮਾਸਕਾਂ ਅਤੇ ਹੈਂਡ ਸੈਨੇਟਾਈਜ਼ਰਾਂ ਆਦਿ ਦੀਆਂ ਵੱਧ ਕੀਮਤਾਂ ਨਾ ਵਸੂਲੀਆਂ ਜਾਣ। ਉਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਲੋਕਾਂ ਨੂੰ ਅਜਿਹੀਆਂ ਚੀਜਾਂ ਦੀ ਬੇਲੋੜੀ ਖ਼ਰੀਦ ਨਾ ਕਰਨ ਅਤੇ ਇਸ ਸਬੰਧੀ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਣ ਲਈ ਪ੍ਰੇਰਿਤ ਕਰਨ। ਉਨਾਂ ਕਿਹਾ ਕਿ ਕਿਸੇ ਵੀ ਕੈਮਿਸਟ ਨੂੰ ਅਜਿਹੀਆਂ ਚੀਜ਼ਾਂ ਪਿ੍ਰੰਟ ਰੇਟ ਤੋਂ ਵੱਧ ’ਤੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ‘ਡਰੱਗਜ਼ ਪ੍ਰਾਈਸ ਕੰਟਰੋਲ ਆਰਡਰ’ ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਖਦਸ਼ਿਆਂ ਕਾਰਨ ਦਵਾਈਆਂ ਅਤੇ ਸਿਹਤ ਸਬੰਧੀ ਲੋੜੀਂਦੀਆਂ ਵਸਤਾਂ, ਜਿਵੇਂ ਸੈਨੀਟਾਈਜ਼ਰ ਅਤੇ ਮਾਸਕ ਆਦਿ ਦੀ ਮੰਗ ਬਹੁਤ ਵੱਧ ਗਈ ਹੈ। ਉਨਾਂ ਕਿਹਾ ਕਿ ਇਸ ਮੰਗ ਦੇ ਵੱਧਣ ਕਾਰਨ ਕੁਝ ਕੈਮਿਸਟਾਂ ਵੱਲੋਂ ਇਨਾਂ ਵਸਤਾਂ ਦੀ ਅਸਥਾਈ ਜਾਂ ਨਕਲੀ ਘਾਟ ਦਿਖਾ ਕੇ ਇਨਾਂ ਦੀ ਬਹੁਤ ਜ਼ਿਆਦਾ ਕੀਮਤ ਵਸੂਲਣ ਜਾਂ ਜਮਾਂਖੋਰੀ ਦੀਆਂ ਮਿਲ ਰਹੀਆਂ ਖ਼ਬਰਾਂ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਉਨਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੀ ਚੈਕਿੰਗ ਲਗਾਤਾਰ ਕੀਤੀ ਜਾਵੇਗੀ।