ਫਗਵਾੜਾ ( ਡਾ ਰਮਨ /ਅਜੇ ਕੋਛੜ ) ਸੋਚ ਚੈਰੀਟੇਬਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਨੇ ਭਾਰਤ ਸਮੇਤ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ ਰੋਜਾਨਾ ਹੋ ਰਹੀਆਂ ਹਜ਼ਾਰਾਂ ਮੌਤਾਂ ਪ੍ਰਤੀ ਦੁੱਖ ਅਤੇ ਇਸ ਬਿਮਾਰੀ ਦੇ ਸ਼ਿਕਾਰ ਸਮੂਹ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ‘ਚ ਵੱਸਦੇ ਪੰਜਾਬੀ ਵੱਡੀ ਗਿਣਤੀ ‘ਚ ਕੋਰੋਨਾ ਵਾਇਰਸ ਨਾਲ ਜਾਨਾਂ ਗੁਆ ਚੁੱਕੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਕੁਦਰਤ ਦੀ ਮਾਰ ਅਜਿਹੀ ਹੈ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ‘ਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਕੋਰੋਨਾ ਬਿਮਾਰੀ ਨਾਲ ਮੌਤ ਹੋਣ ਉੱਤੇ ਉਨ੍ਹਾਂ ਦੇ ਇੱਥੇ ਵੱਸਦੇ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਦਾ ਪ੍ਰਗਟਾਵਾ ਕਰਨ ਵੀ ਨਹੀਂ ਜਾਇਆ ਜਾ ਸਕਦਾ ਕਿਉਂਕਿ ਸਰਕਾਰ ਵਲੋਂ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕਰਫਿਊ ਲਾਏ ਹੋਏ ਹਨ ਤੇ ਤਾਲਾਬੰਦੀ ਕੀਤੀ ਹੋਈ ਹੈ। ਐਨ.ਆਰ.ਆਈ. ਭਰਾਵਾਂ ਨੇ ਸਿਆਸੀ ਪਾਰਟੀਆਂ ਨੂੰ ਫੰਡ ਦੇਣ ਤੋਂ ਲੈ ਕੇ ਆਪਣੀ ਨੇਕ ਕਮਾਈ ਵਿਚੋਂ ਪਿੰਡਾਂ ਦੇ ਵਿਕਾਸ, ਸਰਕਾਰੀ ਸਕੂਲਾਂ ਦੇ ਸੁਧਾਰ ਅਤੇ ਫਰੀ ਮੈਡੀਕਲ ਕੈਂਪਾਂ ਵਰਗੇ ਬਹੁਤ ਸ਼ਲਾਘਾਯੋਗ ਉਪਰਾਲੇ ਕੀਤੇ ਹਨ। ਉਹਨਾਂ ਪਾਸ ਪਰਮਾਤਮਾ ਦਾ ਦਿੱਤਾ ਸਭ ਕੁੱਝ ਹੈ ਬਸ ਇਸ ਔਖੀ ਘੜੀ ਵਿਚ ਸਿਰਫ ਹਮਦਰਦੀ ਦੀ ਘਾਟ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁਰਜੋਰ ਅਪੀਲ ਕੀਤੀ ਕਿ ਪੰਜਾਬ ਸਮੇਤ ਪੂਰੇ ਭਾਰਤ ਦੀ ਆਰਥਿਕ ਤਰੱਕੀ ਵਿਚ ਵਢਮੁੱਲਾ ਯੋਗਦਾਨ ਪਾਉਣ ਵਾਲੇ ਕਿਸੇ ਐਨ.ਆਰ.ਆਈ. ਦੀ ਜੇਕਰ ਕੋਰੋਨਾ ਬਿਮਾਰੀ ਨਾਲ ਵਿਦੇਸ਼ ਵਿਚ ਮੌਤ ਹੁੰਦੀ ਹੈ ਤਾਂ ਉਹ ਖੁੱਦ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਵੱਸਦੇ ਪੀੜ•ਤ ਪਰਿਵਾਰਾਂ ਨਾਲ ਹਮਦਰਦੀ ਲਈ ਇਕ ਫੋਨ ਜਰੂਰ ਕਰਨ ਕਿਉਂਕਿ ਦੁੱਖ ਦੀ ਇਸ ਘੜੀ ਵਿਚ ਉਕਤ ਪਰਿਵਾਰਾਂ ਨੂੰ ਸਿਰਫ ਹਮਦਰਦੀ ਅਤੇ ਤੱਸਲੀ ਦੀ ਹੀ ਲੋੜ ਹੈ। ਉਹਨਾਂ ਪਰਮਾਤਮਾ ਤੋਂ ਅਰਦਾਸ ਵੀ ਕੀਤੀ ਕਿ ਦੁਨੀਆ ਨੂੰ ਇਸ ਮਹਾਮਾਰੀ ਤੋਂ ਜਲਦੀ ਮੁਕਤੀ ਪ੍ਰਦਾਨ ਕਰੇ।