-10 ਜੁਲਾਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ ‘ਚ ਨਹੀਂ ਹੋਵੇਗੀ ਪਬਲਿਕ ਡੀਲਿੰਗ

ਹੁਸ਼ਿਆਰਪੁਰ, 10 ਜੁਲਾਈ : (ਬਲਵੀਰ ਚੌਪੜਾ )

ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਬੇਸ਼ੱਕ ਐਸ.ਡੀ.ਐਮ ਹੁਸ਼ਿਆਰਪੁਰ ਅਤੇ ਕਮਿਸ਼ਨਰ ਨਗਰ ਨਿਗਮ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਈ ਹੈ, ਪਰ ਜਿਲ੍ਹਾਂ ਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨਾਂ ਦੱਸਿਆ ਕਿ ਜਿਲ੍ਹਾਂ ਪ੍ਰਸ਼ਾਸ਼ਨ ਵਲੋਂ ਜਿਲ੍ਹਾਂ ਵਾਸੀਆਂ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਾਵਧਾਨੀਆਂ ਅਪਣਾ ਕੇ ਇਸ ਵਾਇਰਸ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉੱਕਤ ਅਧਿਕਾਰੀਆਂ ਦੇ ਕੋਰੋਨਾ ਪੋਜ਼ੀਟਿਵ ਆਉਣ ‘ਤੇ ਸਾਵਧਾਨੀਆਂ ਅਪਣਾਉਂਦੇ ਹੋਏ ਜਿਥੇ ਇਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ, ਉਥੇ ਇਨ੍ਹਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।ਇਹ ਵੀ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਦੇ ਦਫ਼ਤਰਾਂ ਦੇ ਸਟਾਫ ਅਤੇ ਹੋਰ ਅਧਿਕਾਰੀਆਂ ਦੇ ਸੈਂਪਲਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ 10 ਜੁਲਾਈ ਨੂੰ ਕੋਈ ਪਬਲਿਕ ਡੀਲਿੰਗ ਨਹੀਂ ਹੋਵੇਗੀ।
ਸ਼੍ਰੀਮਤੀ ਅਪਨੀਤ ਰਿਆਤ ਨੇ ਜਿਲ੍ਹਾਂ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ ‘ਤੇ ਪਾਲਣਾ ਕੀਤੀ ਜਾਵੇ ਅਤੇ ਜੇਕਰ ਘਰਾਂ ਅੰਦਰ ਹੀ ਰਹੋ, ਤਾਂ ਉਹ ਖੁੱਦ ਵੀ ਇਸ ਬਿਮਾਰੀ ਤੋਂ ਬਚ ਸਕਦੇ ਹਨ ਅਤੇ ਨਾਲ ਹੀ ਹੋਰ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ ਸਮਾਜਿਕ ਦੂਰੀ ਰੱਖਣ ਤੋਂ ਇਲਾਵਾ ਮਾਸਕ ਦਾ ਪ੍ਰਯੋਗ ਕਰੇ ਅਤੇ ਹਰ ਵਿਅਕਤੀ 20 ਸੈਕਿੰਡ ਤੱਕ ਹੱਥ ਧੋਣ ਵਰਗੀਆਂ ਸਾਵਧਾਨੀਆਂ ਅਪਣਾਉਣ ਨੂੰ ਯਕੀਨੀ ਬਣਾਏ। ਕੋਰੋਨਾ ‘ਤੇ ਜਿੱਤ ਸਾਵਧਾਨੀਆਂ ਅਪਣਾ ਕੇ ਹੀ ਪਾਈ ਜਾ ਸਕਦੀ ਹੈ, ਇਸ ਲਈ ‘ਮਿਸ਼ਨ ਫਤਿਹ’ ਤਹਿਤ ਸਮਾਜਿਕ ਦੂਰੀ, ਮਾਸਕ, ਹੱਥ ਧੋਣ ਵਰਗੀਆਂ ਸਾਵਧਾਨੀਆਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।