Home Punjabi-News ਕੋਵਿਡ ਕੇਅਰ ਸੈਂਟਰਾਂ ਵਿੱਚ ਮਰੀਜ਼ਾਂ ਦੀ ਕੀਤੀ ਜਾ ਰਹੀ ਹੈ ਪੂਰੀ ਦੇਖਭਾਲ

ਕੋਵਿਡ ਕੇਅਰ ਸੈਂਟਰਾਂ ਵਿੱਚ ਮਰੀਜ਼ਾਂ ਦੀ ਕੀਤੀ ਜਾ ਰਹੀ ਹੈ ਪੂਰੀ ਦੇਖਭਾਲ

*ਮਰੀਜ਼ਾਂ ਦੀ ਮਾਨਸਿਕ ਮਜ਼ਬੂਤੀ ਲਈ ਕਰਵਾਈ ਜਾ ਰਹੀ ਹੈ ਕਾੳੂਂਸਲਿੰਗ

ਫਗਵਾੜਾ (ਡਾ ਰਮਨ)
ਜ਼ਿਲ੍ਹੇ ਦੇ ਕੋਵਿਡ ਕੇਅਰ ਸੈਂਟਰਾਂ ਵਿਚ ਰਹਿ ਰਹੇ ਮਰੀਜ਼ਾਂ ਉਤੇ ਸਿਹਤ ਵਿਭਾਗ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਉਹ ਸਿਹਤਮੰਦ ਰਹਿ ਸਕਣ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਸਵੇਰੇ-ਸ਼ਾਮ ਮਰੀਜ਼ਾਂ ਦਾ ਚੈਕਅੱਪ ਕਰਨ ਜਾਂਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਜ਼ਿਲ੍ਹੇ ਵਿਚ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਪਰ ਨਾਲ ਹੀ ਉਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ ਤਾਂ ਜੋ ਇਸ ਵਾਇਰਸ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਉਦੋਂ ਤੱਕ ਸੈਂਟਰਾਂ ਵਿੱਚ ਰੱਖਿਆ ਜਾਵੇਗਾ, ਜਦੋਂ ਤੱਕ ਇਨ੍ਹਾਂ ਦੀ ਰਿਪੋਰਟ ਨਹੀਂ ਆ ਜਾਂਦੀ। ਰਿਪੋਰਟ ਦੇ ਆਧਾਰ ’ਤੇ (ਪਾਜ਼ੇਟਿਵ ਜਾਂ ਨੈਗੇਟਿਵ) ਆਉਣ ਦੀ ਸੂਰਤ ਵਿਚ ਸਿਹਤ ਵਿਭਾਗ ਵੱਲੋਂ ਇਨ੍ਹਾਂ ਨੂੰ ਕਿਥੇ ਸ਼ਿਫਟ ਕਰਨਾ ਹੈ, ਇਸ ਦਾ ਫ਼ੈਸਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੋਵਿਡ ਕੇਅਰ ਸੈਂਟਰ ਵਿਚ ਰਹਿ ਰਹੇ ਮਰੀਜ਼ਾਂ ਦੇ ਖਾਣ-ਪੀਣ, ਸਾਫ਼-ਸਫ਼ਾਈ ਆਦਿ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਡਾ. ਜਸਮੀਤ ਬਾਵਾ ਦਾ ਕਹਿਣਾ ਹੈ ਕਿ ਕਿਸੇ ਵੀ ਤਰਾਂ ਦੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਵਿਚ ਦਹਿਸ਼ਤ ਪਾਈ ਹੈ, ਅਜਿਹੇ ਹਾਲਾਤ ਵਿਚ ਲੋਕਾਂ ਅਤੇ ਮਰੀਜ਼ਾਂ ਵਿਚ ਡਰ ਦੀ ਸਥਿਤੀ ਅਤੇ ਗਲਤ ਧਾਰਨਾਵਾਂ ਦਾ ਪੈਦਾ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਡਰ ਤੇ ਗਲਤ ਧਾਰਨਾਵਾਂ ਮਰੀਜ਼ ਨੂੰ ਮਾਨਸਿਕ ਪੱਖ ਤੋਂ ਕਮਜ਼ੋਰ ਕਰਦੀਆਂ ਹਨ, ਜਿਹੜਾ ਕਿ ਉਨ੍ਹਾਂ ਦੇ ਤੰਦਰੁਸਤ ਹੋਣ ਵਿਚ ਵੀ ਵਿਘਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸੈਂਟਰ ਵਿੱਚ ਰਹਿ ਰਹੇ ਮਰੀਜ਼ਾਂ ਵਿਚੋਂ ਡਰ ਖ਼ਤਮ ਕਰਨ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ਉਤੇ ਮਜ਼ਬੂਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲਈ ਸਿਹਤ ਵਿਭਾਗ ਦੇ ਕਾੳੂਂਸਲਰਾਂ ਤੋਂ ਕਾੳੂਂਸਲਿੰਗ ਵੀ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾੳੂਂਸਲਰ ਸ਼ਮਿੰਦਰ ਕੌਰ ਤੇ ਰਾਕੇਸ਼ ਸ਼ਰਮਾ ਵੱਲੋਂ ਪੀ. ਟੀ. ਯੂ ਵਿਖੇ ਬਣੇ ਕੋਵਿਡ ਕੇਅਰ ਸੈਂਟਰ ਵਿਚ ਠਹਿਰੇ ਪੀ. ਏ. ਪੀ ਦੇ ਜਵਾਨਾਂ ਦੀ ਕਾੳੂਂਸਲਿੰਗ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਦੋਹਾਂ ਕਾੳੂਂਸਲਰਾਂ ਵੱਲੋਂ ਕੋਵਿਡ ਨੂੰ ਲੈ ਕੇ ਉਨ੍ਹਾਂ ਦੇ ਕਈ ਤਰ੍ਹਾਂ ਦੇ ਸ਼ੱਕ ਵੀ ਦੂਰ ਕੀਤੇ ਗਏ।
ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੀ ਹਦਾਇਤਾਂ :
ਸਿਵਲ ਸਰਜਨ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰਾਂ ਵਿਚ ਜਾ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਟੀਮਾਂ ਨੂੰ ਵਿਸ਼ੇਸ਼ ਤੌਰ ’ਤੇ ਪੀ. ਪੀ. ਈ ਕਿੱਟਾਂ ਪਾਉਣ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖ਼ੁਦ ਦਾ ਬਚਾਅ ਕਰਨ ਲਈ ਕਿਹਾ ਗਿਆ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਸੈਂਪਲਿੰਗ ਲੈਣ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਸਬੰਧ ਵਿਚ ਉਨ੍ਹਾਂ ਨੂੰ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਗਈ ਹੈ।