* ਨੀਲੇ ਕਾਰਡ ਨਾ ਹੋਣ ਤੇ ਵੀ ਗਰੀਬਾਂ ਨੂੰ ਨਾ ਰੱਖਿਆ ਜਾਵੇ ਰਾਸ਼ਨ ਤੋਂ ਵਾਂਝਾ
* ਕਾਂਗਰਸੀਆਂ ਦੇ ਦਬਾਅ ਹੇਠ ਡਿਪੋ ਹੋਲਡਰਾਂ ਨਾਲ ਧੱਕੇਸ਼ਾਹੀ ਬੰਦ ਹੋਵੇ
ਫਗਵਾੜਾ (ਡਾ ਰਮਨ ) ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਪਾਰਟੀ ਵਲੋਂ ਕੋਰੋਨਾ ਆਫਤ ਸਮੇਂ ਗਰੀਬ ਲੋੜਵੰਦਾਂ ਨੂੰ ਸਰਕਾਰੀ ਰਾਹਤ ਪ੍ਰਦਾਨ ਕਰਨ ਲਈ ਗਠਿਤ ਕੀਤੀ ਕਮੇਟੀ ਦੇ ਕਨਵੀਨਰ ਰਾਜੇਸ਼ ਬਾਘਾ ਨੇ ਫਗਵਾੜਾ ਵਿਚ ਕੈਪਟਨ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਰਾਹਤ ਹਿਤ ਭੇਜੀ ਗਈ ਰਾਸ਼ਨ ਸਮੱਗਰੀ ਦੀ ਵੰਡ ਪੱਖਪਾਤ ਪੂਰਣ ਢੰਗ ਨਾਲ ਕਰਨ ਦੀ ਗੱਲ ਕਹੀ ਹੈ। ਅੱਜ ਇਥੇ ਗੱਲਬਾਤ ਦੌਰਾਨ ਉਨ•ਾਂ ਕਿਹਾ ਕਿ ਭਾਜਪਾ ਵਰਕਰਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਸੱਤਾਧਾਰੀ ਧਿਰ ਵੱਲੋਂ ਰਾਸ਼ਨ ਵੰਡਣ ਸਮੇਂ ਪੱਖਪਾਤ ਕੀਤਾ ਜਾ ਰਿਹਾ ਹੈ ਜੋ ਕਿ ਨਿੰਦਣਯੋਗ ਹੈ। ਵਰਕਰਾਂ ਨੇ ਦੱਸਿਆ ਹੈ ਕਿ ਕਾਂਗਰਸ ਪਾਰਟੀ ਦੇ ਕੁੱਝ ਆਗੂ ਆਪਣੇ ਘਰਾਂ ਵਿਚ ਰਾਸ਼ਨ ਸਟਾਕ ਕਰਕੇ ਆਪਣੀ ਮਰਜ਼ੀ ਨਾਲ ਵੰਡ ਰਹੇ ਹਨ। ਜਿਸ ਕਰਕੇ ਅਕਾਲੀ-ਭਾਜਪਾ ਨਾਲ ਸਬੰਧਤ ਵਾਰਡਾਂ ਵਿਚ ਬਹੁਤ ਸਾਰੇ ਲੋੜਵੰਦ ਅਜੇ ਵੀ ਰਾਸ਼ਨ ਦੀ ਸਰਕਾਰੀ ਸਹਾਇਤਾ ਤੋਂ ਵਾਂਝੇ ਹਨ। ਵੱਡੀ ਗਿਣਤੀ ਵਿੱਚ ਅਕਾਲੀ-ਭਾਜਪਾ ਸਮਰਥਕਾਂ ਦੇ ਨੀਲੇ ਕਾਰਡ ਰੱਦ ਕਰ ਦਿੱਤੇ ਗਏ ਹਨ ਜਾਂ ਰਾਸ਼ਨ ਦੇਣ ਵਿੱਚ ਆਨਾ-ਕਾਨੀ ਕੀਤੀ ਜਾ ਰਹੀ ਹੈ। ਡਿਪੂ ਹੋਲਡਰਾਂ ਨੂੰ ਰਾਸ਼ਨ ਦੇਣ ਦੀ ਬਜਾਏ ਕਾਂਗਰਸ ਦੇ ਕਾਰਕੁਨ ਖ਼ੁਦ ਰਾਸ਼ਨ ਵੰਡ ਰਹੇ ਹਨ। ਬਹੁਤ ਸਾਰੇ ਡਿਪੂਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ ਜਿਨ੍ਹਾਂ ਦੇ ਧਾਰਨੀ ਭਾਜਪਾ ਜਾਂ ਅਕਾਲੀ ਦਲ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਆਫਤ ਰਾਜਨੀਤੀ ਕਰਨ ਦਾ ਮੰਚ ਨਹੀਂ ਹੈ। ਇਸ ਸਮੇਂ ਸਾਨੂੰ ਸਾਰਿਆਂ ਨੂੰ ਪਾਰਟੀਬਾਜੀ ਛੱਡ ਕੇ ਇਕਜੁਟਤਾ ਨਾਲ ਸਾਰੇ ਲੋੜਵੰਦਾਂ ਦੀ ਬਰਾਬਰ ਸਹਾਇਤਾ ਕਰਨੀ ਚਾਹੀਦੀ ਹੈ, ਕਿਉਂਕਿ ਇਹ ਸਮਾਂ ਦੇਸ਼ ਨੂੰ ਬਚਾਉਣ ਦਾ ਹੈ। ਜਦੋਂ ਦੇਸ਼ ਸੁਰੱਖਿਅਤ ਹੋ ਜਾਵੇਗਾ ਤਾਂ ਰਾਜਨੀਤੀ ਕਰਨ ਦੇ ਬਹੁਤ ਮੌਕੇ ਮਿਲਣਗੇ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਪੁਰਜੋਰ ਅਪੀਲ ਕੀਤੀ ਕਿ ਜਿਨ੍ਹਾਂ ਲੋੜਵੰਦਾਂ ਦੇ ਨੀਲੇ ਕਾਰਡ ਕਿਸੇ ਕਾਰਨ ਰੱਦ ਕੀਤੇ ਗਏ ਹਨ ਜਾਂ ਰੱਦ ਹੋ ਗਏ ਹਨ, ਉਹਨਾਂ ਨੂੰ ਇਸ ਨਾਜ਼ੁਕ ਸਮੇਂ ‘ਚ ਰਾਸ਼ਨ ਦੀ ਸਹੂਲਤ ਤੋਂ ਵਾਂਝਾ ਨਾ ਕੀਤਾ ਜਾਵੇ। ਉਨ੍ਹਾਂ ਡਿਪੂ ਧਾਰਕਾਂ ਨਾਲ ਧੱਕੇਸ਼ਾਹੀ ਬੰਦ ਕਰਨ ਅਤੇ ਰਾਸ਼ਨ ਵੰਡਣ ਵਿਚ ਉਹਨਾਂ ਦਾ ਸਹਿਯੋਗ ਲੈਣ ਦੀ ਅਪੀਲ ਵੀ ਕੀਤੀ ਹੈ।