ਆਸ਼ਾ’ ਜਗਾ ਰਹੀਆਂ ਆਸ਼ਾ, ਜਿੱਤਾਂਗੇ ਕੋਰੋਨਾ ਖਿਲਾਫ ਜੰਗ

ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ) ਕੋਰੋਨਾ ਸੰਕਟ ਤੋਂ ਨਜੀਠਣ ਲਈ ਬੀਤੇ 28 ਦਿਨਾਂ ਤੋਂ ਦੇਸ਼ ਭਰ ਵਿੱਚ ਲਾਕਡਾਊਨ ਹੈ। ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਦਿਨ-ਰਾਤ ਇਸ ਲੜਾਈ ਵਿੱਚ ਯੋਗਦਾਨ ਪਾ ਰਹੇ ਹਨ। ਵਿਭਾਗ ਦੀਆਂ ਆਸ਼ਾ ਵਰਕਰਾਂ ਅਜੀਹੇ ਹੀ ਅਮਲੇ ਦਾ ਹਿੱਸਾ ਹਨ, ਜਿਸਦਾ ਕੰਮ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਘਰ-ਘਰ ਜਾ ਕੇ ਕੋਰੋਨਾ ਦੇ ਸ਼ੱਕੀ ਮਰੀਜਾਂ ਦੀ ਪਛਾਣ ਕਰਨਾ ਅਤੇ ਕੋਰੋਨਾ ਤੋਂ ਬਚਾਵ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਆਸ਼ਾ ਵਰਕਰਾਂ ਆਪਣੇ ਪਿੰਡ ਵਿੱਚ ਰਹਿੰਦੇ ਹੋਏ ਪਿੰਡ ਵਾਸੀਆਂ ਦੇ ਲਈ ਕੋਰੋਨਾ ਖਿਲਾਫ ਇੱਕ ਢਾਲ ਵਜੋਂ ਕੰਮ ਕਰ ਰਹੀਆਂ ਹਨ।
ਪਹਿਲਾਂ ਵਿਦੇਸ਼ ਤੋਂ ਪਰਤੇ ਲੋਕਾਂ ਦੀ ਪਛਾਣ, ਹੁਣ ਸ਼ੱਕੀ ਮਰੀਜਾਂ ਨੂੰ ਲੱਭਣ ਦੀ ਜ਼ਿੰਮੇਵਾਰੀ
ਸਿਹਤ ਵਿਭਾਗ ਨੇ ਹਰੇਕ ਪਿੰਡ ਅਤੇ ਵਾਰਡ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਅਤੇ ਇਨ੍ਹਾਂ ਦੇ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆਸ਼ਾ ਵਰਕਰਾਂ ਦੀ ਤੈਨਾਤੀ ਕੀਤੀ ਹੈ। ਕੋਰੋਨਾ ਸੰਕਟ ਸ਼ੁਰੂ ਹੋਇਆ, ਤਾਂ ਵਿਭਾਗ ਨੂੰ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ, ਜੋ ਬੀਤੇ ਦਿਨੀ ਵਿਦੇਸ਼ ਤੋਂ ਭਾਰਤ ਪਰਤੇ ਸਨ। ਆਸ਼ਾ ਵਰਕਰਾਂ ਦੀ ਮਦਦ ਨਾਲ ਬਲਾਕ ਸ਼ਾਹਕੋਟ ਵਿੱਚ ਅਜੀਹੇ 442 ਲੋਕਾਂ ਦੀ ਭਾਲ ਕੀਤੀ ਗਈ ਅਤੇ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ। ਹੁਣ ਆਸ਼ਾ ਵਰਕਰਾਂ ਨੂੰ ਬਲਾਕ ਵਿੱਚ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ, ਜੋ ਕਿਸੇ ਬੀਮਾਰੀ ਤੋਂ ਪੀੜਤ ਹਨ ਅਤੇ ਉਨ੍ਹਾਂ ਵਿੱਚ ਖਾਂਸੀ-ਜੁਕਾਮ, ਬੁਖਾਰ ਵਰਗੇ ਲੱਛਣ ਹਨ। ਨਾਲ ਹੀ ਉਹ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਜਾਗਰੂਕ ਵੀ ਕਰ ਰਹੀਆਂ ਹਨ।
ਚਾਰ ਸਾਲ ਦੀ ਬੇਟੀ ਨੂੰ ਘਰ ਛੱਡ ਪ੍ਰਭਾਵਿਤ ਇਲਾਕੇ ਵਿੱਚ ਨਿਭਾਈ ਡਿਊਟੀ
ਬਲਾਕ ਵਿੱਚ ਕੋਰੋਨਾ ਦਾ ਪਹਿਲਾ ਮਾਮਲਾ ਲੋਹੀਆਂ ਵਿਖੇ 01 ਅਪ੍ਰੈਲ ਨੂੰ ਸਾਹਮਣੇ ਆਇਆ ਸੀ।ਦੋ ਅਪ੍ਰੈਲ ਤੋਂ ਇਲਾਕੇ ਵਿੱਚ ਸਰਵੇ ਸ਼ੁਰੂ ਕੀਤਾ ਗਿਆ। ਲੋਹੀਆਂ ਦੇ ਨਾਲ ਲੱਗਦੇ ਪਿੰਡ ਸਾਬੂਵਾਲ ਦੀ ਆਸ਼ਾ ਵਰਕਰ ਸੋਨੀਆ ਦੀ ਡਿਊਟੀ ਵੀ ਸਰਵੇ ਟੀਮ ਵਿੱਚ ਲੱਗੀ। ਆਪਣੀ ਚਾਰ ਸਾਲਾਂ ਦੀ ਇਕਲੌਤੀ ਬੇਟੀ ਨੂੰ ਘਰ ਵਿੱਚ ਛੱਡ ਕੇ ਉਸਨੇ ਲਗਾਤਾਰ ਸਰਵੇ ਵਿੱਚ ਡਿਊਟੀ ਨਿਭਾਈ। ਅੱਜ ਵੀ ਉਹ ਰੋਜ਼ਾਨਾ ਆਪਣੇ ਪਿੰਡ ਵਿੱਚ ਸਰਵੇ ਦਾ ਕੰਮ ਕਰਦੀ ਹੈ।ਸੋਨੀਆ ਕਹਿੰਦੀ ਹੈ- ਸਰਵੇ ਤੋਂ ਬਾਅਦ ਜਦ ਘਰ ਮੁੜਦੀ, ਤਾਂ ਬੇਟੀ ਜੱਫੀ ਪਾਉਣ ਨੂੰ ਜਿਦ ਕਰਨ ਲੱਗ ਜਾਂਦੀ। ਮੈਂ ਉਸਨੂੰ ਦੂਰ ਰਹਿਣ ਨੂੰ ਕਹਿੰਦੀ ਤਾਂ ਉਹ ਰੋਣ ਲੱਗ ਜਾਂਦੀ। ਪਤੀ ਕਿਸੇ ਤਰ੍ਹਾਂ ਉਸਨੂੰ ਸਾਂਭਦੇ। ਬੇਟੀ ਨੂੰ ਲੈ ਕੇ ਡਰ ਤਾਂ ਬਣਿਆ ਰਹਿੰਦਾ ਹੈ, ਲੇਕਿਨ ਲੋਕਾਂ ਦੀ ਦੇਖਭਾਲ ਕਰਨਾ ਵੀ ਤਾਂ ਮੇਰੀ ਹੀ ਜ਼ਿੰਮੇਵਾਰੀ ਹੈ।
ਕੋਰੋਨਾ ਤੋਂ ਲੜਨ ਲਈ ਮੁੰਡੇ ਦਾ ਵਿਆਹ ਟਾਲਿਆ
ਵਿਭਾਗ ਵਿੱਚ ਆਸ਼ਾ ਫੈਸੀਲਿਟੇਟਰ ਵਜੋਂ ਕੰਮ ਕਰਦੀ ਗੁਰਜੀਤ ਕੌਰ ਸਬ ਸੈਂਟਰ ਮੀਂਏਵਾਲ ਅਰਾਈਆਂ ਵਿਖੇ ਤੈਨਾਤ ਹੈ। ਉਸਦੇ ਦੇ ਬੇਟੇ ਦਾ ਵਿਆਹ 24 ਮਾਰਚ ਨੂੰ ਸੀ। ਕਾਰਡ ਛਪ ਗਏ ਸਨ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਅਚਾਨਕ ਵਿਭਾਗ ਵੱਲੋਂ ਸਰਵੇ ਦਾ ਕੰਮ ਦੇ ਦਿੱਤਾ ਗਿਆ। ਗੁਰਜੀਤ ਕਾਰਡ ਵੰਡਨਾ ਛੱਡ ਡਿਊਟੀ ਨਿਭਾਉਣ ਲੱਗੀ। ਲਾਕਡਾਊਨ ਤੋਂ ਇੱਕ ਹਫਤਾ ਪਹਿਲਾਂ ਪਰਿਵਾਰ ਨੇ ਵਿਆਹ ਟਾਲ ਦਿੱਤਾ। ਗੁਰਜੀਤ ਕਹਿੰਦੀ ਹੈ- ਇੱਕੋ-ਇੱਕ ਮੁੰਡਾ ਹੈ ਮੇਰਾ। ਉਸਦਾ ਵਿਆਹ ਬੜੇ ਹੀ ਚਾਅ ਦੇ ਨਾਲ ਕਰਨਾ ਸੀ। ਪਰ ਬੇਟੇ ਦੇ ਵਿਆਹ ਤੋਂ ਜ਼ਰੂਰੀ ਲੋਕਾਂ ਦੀ ਸਿਹਤ ਲੱਗੀ, ਇਸ ਲਈ ਵਿਆਹ ਟਾਲਿਆ। ਲਾਕਡਾਊਨ ਤੋਂ ਪਹਿਲਾਂ ਅਸੀ ਹੀ ਲੋਕਾਂ ਨੂੰ ਸਮਝਾਉਂਦੇ ਰਹੇ ਕਿ ਭੀੜ ਵਾਲੀਆਂ ਥਾਵਾਂ ਤੇ ਨਾ ਜਾਓ। ਅਜੀਹੇ ਵਿੱਚ ਆਪਣੇ ਹੀ ਘਰੇ ਸਮਾਗਮ ਕਿਵੇਂ ਕਰਦੀ। ਹੁਣ ਤਾਂ ਕੋਰੋਨਾ ਖਿਲਾਫ ਲੜਾਈ ਜਿੱਤਣ ਤੋਂ ਬਾਅਦ ਹੀ ਬੇਟੇ ਦਾ ਸਿਹਰਾ ਸਜਾਵਾਂਗੀ।
ਆਪਣੇ ਪਿੰਡ ਦੇ ਨਾਲ-ਨਾਲ ਕੋਟਲਾ ਹੇਰਾਂ ਦਾ ਵੀ ਕੰਮ ਸਾਂਭਿਆ
ਬਲਾਕ ਦਾ ਦੂਜਾ ਕੋਰੋਨਾ ਕੇਸ ਕੋਟਲਾ ਹੇਰਾਂ ਤੋਂ ਸਾਹਮਣੇ ਆਇਆ। ਕੋਟਲਾ ਹੇਰਾਂ ਸਬ ਸੈਂਟਰ ਅਧੀਨ ਆਉਂਦੇ ਪਿੰਡਾਂ ਦੀਆਂ ਆਸ਼ਾ ਵਰਕਰਾਂ ਕੁਲਵਿੰਦਰ ਕੌਰ, ਦਰਸ਼ੋ, ਸਿਮਰਜੀਤ ਕੌਰ, ਸਵਿਤਾ ਅਤੇ ਬਲਵਿੰਦਰ ਕੌਰ ਨਾ ਸਿਫਰ ਆਪਣੇ ਪਿੰਡ ਦਾ ਸਰਵੇ ਕਰ ਰਹੀਆਂ ਹਨ, ਸਗੋਂ ਕੋਟਲਾ ਹੇਰਾਂ ਵਿਖੇ ਵੀ ਵਿਭਾਗੀ ਟੀਮਾਂ ਦੇ ਨਾਲ ਆਪਣਾ ਫਰਜ਼ ਨਿਭਾ ਰਹੀਆਂ ਹਨ।
164 ਆਸ਼ਾ ਵਰਕਰ, ਹਰ ਰੋਜ਼ 15 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਸਕ੍ਰੀਨਿੰਗ
ਇੱਕ ਹਜ਼ਾਰ ਜਾਂ ਇਸ ਤੋਂ ਵੱਧ ਅਬਾਦੀ ਤੇ ਆਸ਼ਾ ਵਰਕਰਾਂ ਰੱਖੀਆਂ ਗਈਆਂ ਹਨ। ਅਜੇ ਬਲਾਕ ਵਿੱਚ 164 ਆਸ਼ਾ ਵਰਕਰਾਂ ਹਨ, ਜੋ ਰੋਜ਼ਾਨਾ ਆਪਣੇ-ਆਪਣੇ ਪਿੰਡ ਦਾ ਸਰਵੇ ਕਰਦੀਆਂ ਹਨ। ਮੰਗਲਵਾਰ ਨੂੰ ਆਸ਼ਾ ਵਰਕਰਾਂ ਅਤੇ ਵਿਭਾਗੀ ਟੀਮਾਂ ਨੇ ਮਿਲ ਕੇ 4138 ਘਰਾਂ ਦਾ ਸਰਵੇ ਕੀਤਾ ਅਤੇ 20502 ਲੋਕਾਂ ਦੀ ਸਿਹਤ ਜਾਂਚ ਕੀਤੀ। ਆਸ਼ਾ ਵਰਕਰਾਂ ਵਿਭਾਗ ਦੀ ਰੀੜ੍ਹ ਦੀ ਹੱਡੀ ਸਮਾਨ ਹਨ, ਜੋ ਪਿੰਡ ਪੱਧਰ ਤੇ ਵਿਭਾਗੀ ਯੋਜਨਾਵਾਂ ਨੂੰ ਹੋਰ ਮਜਬੂਤੀ ਦਿੰਦੀਆਂ ਹਨ।
– ਚੰਦਨ ਮਿਸ਼ਰਾ, ਬੀਈਈ, ਸੀਐਚਸੀ ਸ਼ਾਹਕੋਟ

ਵਿਭਾਗ ਦੀ ਮੁੱਢਲੇ ਪੱਧਰ ਦੀਆਂ ਵਰਕਰ ਹਨ ਆਸ਼ਾ
ਆਸ਼ਾ ਦਾ ਵਿਭਾਗ ਦੀ ਹਰ ਗਤੀਵਿਧੀ ਵਿੱਚ ਵੱਡਮੁੱਲਾ ਯੋਗਦਾਨ ਹੁੰਦਾ ਹੈ। ਕੋਰੋਨਾ ਦੇ ਖਿਲਾਫ ਇਸ ਲੜਾਈ ਵਿੱਚ ਵੀ ਆਸ਼ਾ ਆਪਣੀ ਉਪਯੋਗਿਤਾ ਸਾਬਤ ਕਰ ਰਹੀਆਂ ਹਨ। ਉਹ ਇਹ ਸੁਨੇਹਾ ਦੇ ਰਹੀਆਂ ਹਨ ਕਿ ਉਨ੍ਹਾਂ ਵੱਲੋਂ ਪਿੰਡ ਪੱਧਰ ਤੇ ਲੜੀਆਂ ਜਾ ਰਹੀਆਂ ਛੋਟੀਆਂ ਲੜਾਈਆਂ ਹੀ ਕੋਰੋਨਾ ਖਿਲਾਫ ਵਿਸ਼ਵ ਪੱਧਰ ਦੀ ਇਸ ਜੰਗ ਵਿੱਚ ਮਨੁੱਖ ਦੀ ਜੇਤੂ ਬਣਾਉਣਗੀਆਂ।