*ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ *ਬੇਲੋੜੀ ਖ਼ਰੀਦਦਾਰੀ ਕਰਕੇ ਜਮਾਂਖੋਰੀ ਤੋਂ ਪਰਹੇਜ਼ ਕਰਨ ਲੋਕ *ਪ੍ਰਸ਼ਾਸਨ ਸਾਰੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਲਗਾਤਾਰ ਸਪਲਾਈ ਲਈ ਵਚਨਬੱਧ *ਕਿਸੇ ਵੀ ਸਮੱਸਿਆ ਮੌਕੇ ਸਬ-ਡਵੀਜ਼ਨ ਪੱਧਰ ਦੇ ਕੰਟਰੋਲ ਰੂਮ ਨੰਬਰਾਂ ’ਤੇ ਕੀਤਾ ਜਾ ਸਕਦੈ ਸੰਪਰਕ *ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਸੁਚੇਤ ਹੋਣ ਅਤੇ ਸਿਹਤ ਸਲਾਹ ’ਤੇ ਅਮਲ ਦੀ ਕੀਤੀ ਅਪੀਲ

ਫਗਵਾੜਾ (ਡਾ ਰਮਨ /ਅਜੇ ਕੋਛੜ )
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲੇ ਵਿਚ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਇਸ ਸਬੰਧੀ ਸਾਰੇ ਢੁਕਵੇਂ ਕਦਮ ਚੁੱਕੇ ਗਏ ਹਨ। ਉਨਾਂ ਦੱਸਿਆ ਕਿ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰਾਂ ਦੀ ਘਬਰਾਹਟ ਵਿਚ ਨਾ ਆਉਣ ਅਤੇ ਜ਼ਰੂਰੀ ਸਾਮਾਨ ਅਤੇ ਵਸਤਾਂ ਦੀ ਬੇਲੋੜੀ ਖ਼ਰੀਦਦਾਰੀ ਨਾ ਕਰਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਜ਼ਿਲੇ ਵਿਚ ਫਲ, ਸਬਜ਼ੀਆਂ, ਦੁੱਧ, ਦਵਾਈਆਂ ਅਤੇ ਹੋਰ ਖਾਣ-ਪੀਣ ਵਾਲੀ ਸਮੱਗਰੀ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹਨ ਅਤੇ ਇਨਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਲੋੜ ਤੋਂ ਵੱਧ ਖ਼ਰੀਦ ਕਰਕੇ ਜਮਾਂਖੋਰੀ ਤੋਂ ਗੁਰੇਜ਼ ਕੀਤਾ ਜਾਵੇ।
ਉਨਾਂ ਕਿਹਾ ਕਿ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਹਤਿਆਤ ਵਜੋਂ ਅਤੇ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਵੱਖ-ਵੱਖ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਨਾਂ ਵਿਚ ਵਿੱਦਿਅਕ ਅਦਾਰਿਆਂ, ਕੋਚਿੰਗ ਸੈਂਟਰਾਂ, ਜਿਮਾਂ, ਸਵੀਵਿੰਗ ਪੂਲਾਂ, ਮੈਰਿਜ ਪੈਲੇਸਾਂ, ਬੈਂਕੁਇਟ ਹਾਲਾਂ ਆਦਿ ਨੂੰ ਬੰਦ ਰੱਖਣਾ ਸ਼ਾਮਿਲ ਹੈ। ਉਨਾਂ ਦੱਸਿਆ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ‘ਸਿਟ ਇਨ ਡਾਇਨਿੰਗ’ ਦੀ ਸੁਵਿਧਾ ’ਤੇ ਅਗਲੇ ਹੁਕਮਾਂ ਤੱਕ ਰੋਕ ਰਹੇਗੀ ਅਤੇ ਇਸ ਦੌਰਾਨ ਕੇਵਲ ‘ਹੋਮ ਡਿਲੀਵਰੀ ਐਂਡ ਟੇਕ ਅਵੇ’ ਜਾਰੀ ਰਹੇਗਾ। ਇਸੇ ਤਰਾਂ ਜ਼ਿਲੇ ਵਿਚ ਕਿਸੇ ਵੀ ਤਰਾਂ ਦੇ ਸਮਾਗਮਾਂ ਦੌਰਾਨ 20 ਤੋਂ ਵੱਧ ਵਿਅਕਤੀਆਂ ਦੇ ਇਕ ਜਗਾ ’ਤੇ ਇਕੱਠੇ ਹੋਣ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ ਅਤੇ ਹਰੇਕ ਵਿਅਕਤੀ ਨੂੰ ਘੱਟੋ-ਘੱਟ ਇਕ ਮੀਟਰ ਦੀ ਦੂਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਨਤਕ ਟ੍ਰਾਂਸਪੋਰਟ ’ਤੇ ਵੀ ਪਾਬੰਦੀਆਂ ਆਇਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਿਆਦਾ ਵਰਕਰਾਂ ਵਾਲੀਆਂ ਫੈਕਟਰੀਆਂ ਵਿਚ ਵਰਕਰਾਂ ਵਿਚਾਲੇ ਘੱਟੋ-ਘੱਟ ਇਕ ਮੀਟਰ ਦੀ ਦੂਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੋਵਲ ਕੋਰੋਨਾ ਸਬੰਧੀ ਜ਼ਿਲੇ ਵਿਚ ਸਬ-ਡਵੀਜ਼ਨ ਪੱਧਰ ’ਤੇ ਕੰਟਰੋਲ ਰੂਮ ਜਾਰੀ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸਬ-ਡਵੀਜ਼ਨ ਕਪੂਰਥਲਾ ਦੇ ਕੰਟਰੋਲ ਰੂਮ ਨੰਬਰ 98151-66199 ਅਤੇ 94656-22688 ਹਨ। ਇਸੇ ਤਰਾਂ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦਾ ਕੰਟਰੋਲ ਰੂਮ ਨੰਬਰ 98725-74175, ਭੁਲੱਥ ਦਾ 01822-244202 ਅਤੇ ਫਗਵਾੜਾ ਦਾ 99140-24124 ਹੈ। ਇਨਾਂ ਤੋਂ ਇਲਾਵਾ ਹੈਲਪਲਾਈਨ ਨੰਬਰ 104 ਨੰਬਰ ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਕ ਮੋਬਾਈਲ ਐਪ COVA ਵੀ ਲਾਂਚ ਕੀਤੀ ਗਈ ਹੈ, ਜਿਸ ਤੋਂ ਕੋਰੋਨਾ ਵਾਇਰਸ ਦੇ ਲੱਛਣਾਂ ਅਤੇ ਬਚਾਅ ਸਬੰਧੀ ਕੋਈ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਉਨਾਂ ਦੱਸਿਆ ਕਿ ਜ਼ਿਲੇ ਵਿਚ ਚਲਾਈ ਗਈ ਵਿਸ਼ਾਲ ਜਾਗਰੂਕਤਾ ਮੁਹਿੰਮ ਤਹਿਤ ਸਿਹਤ ਅਤੇ ਹੋਰਨਾਂ ਵਿਭਾਗਾਂ ਦੀਆਂ ਸਾਂਝੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਕੋਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ 26 ਮਾਰਚ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਜ਼ਿਲੇ ਦੇ ਸਾਰੇ ਘਰਾਂ ਨੂੰ ਕਵਰ ਕੀਤਾ ਜਾਵੇਗਾ। ਇਸੇ ਤਰਾਂ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਉਣ ਲਈ ਅਤਿ-ਆਧੁਨਿਕ ਤਕਨੀਕਾਂ ਅਤੇ ਸਕਰੀਨ ਨਾਲ ਲੈਸ ਇਕ ਜਾਗਰੂਕਤਾ ਵੈਨ ਚਲਾਈ ਗਈ ਹੈ। ਉਨਾਂ ਕਿਹਾ ਕਿ ਮੰਡੀਆਂ ਅਤੇ ਹੋਰਨਾਂ ਜਨਤਕ ਥਾਵਾਂ ’ਤੇ ਸਫ਼ਾਈ ਮੁਹਿੰਮ ਚਲਾਈ ਗਈ ਹੈ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਪਰੰਤੂ ਇਹ ਯਤਨ ਤਾਂ ਹੀ ਸਫਲ ਹੋ ਸਕਦੇ ਹਨ ਜੇਕਰ ਜ਼ਿਲਾ ਵਾਸੀ ਵੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ। ਉਨਾਂ ਕਿਹਾ ਕਿ ਜ਼ਿਲੇ ਦੀਆਂ ਬਹੁਤ ਸਾਰੀਆਂ ਧਾਰਮਿਕ, ਸਮਾਜਿਕ ਅਤੇ ਸਵੈ-ਸੇਵੀ ਜਥੇਬੰਦੀਆਂ ਵੱਲੋਂ ਹਾਲਾਤ ਦੇ ਟਾਕਰੇ ਅਤੇ ਮਾਨਵਤਾ ਦੇ ਹਿੱਤ ਵਿਚ ਜ਼ਿਲਾ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ, ਜੋ ਕਿ ਬਹੁਤ ਸ਼ਲਾਘਾਯੋਗ ਹੈ। ਉਨਾ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਉਹ ਬੇਲੋੜੀ ਯਾਤਰਾ ਤੋਂ ਪਰਹੇਜ਼ ਕਰਨ ਅਤੇ ਜਿਥੋਂ ਤੱਕ ਹੋ ਸਕੇ ਆਪਣੇ ਘਰਾਂ ਵਿਚ ਹੀ ਰਹਿਣ।
ਉਨਾਂ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਸੋਸ਼ਲ ਮੀਡੀਆ ’ਤੇ ਫਰਜ਼ੀ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ, ਜਿਨਾਂ ’ਤੇ ਲੋਕਾਂ ਨੂੰ ਯਕੀਨ ਨਹੀਂ ਕਰਨਾ ਚਾਹੀਦਾ। ਉਨਾਂ ਕਿਹਾ ਕਿ ਇਸ ਸਬੰਧੀ ਪੁਖਤਾ ਅਤੇ ਸਹੀ ਜਾਣਕਾਰੀ ਸਿਹਤ ਵਿਭਾਗ ਤੋਂ ਲਈ ਜਾ ਸਕਦੀ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਇਰਸ ਤੋਂ ਬਚਾਅ ਲਈ ‘ਕਰਨ ਅਤੇ ਨਾ ਕਰਨ ਵਾਲੇ ਕੰਮਾਂ’ ਅਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਸੁਚੇਤ ਹੋਣ ਅਤੇ ਸਿਹਤ ਸਲਾਹ ’ਤੇ ਅਮਲ ਕਰਨ।