ਫਗਵਾੜਾ 23 ਮਾਰਚ ( ਡਾ ਰਮਨ /ਅਜੇ ਕੋਛੜ ) ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸਲਮ ਬਸਤੀਆਂ ਤੋਂ ਬਾਹਰ ਨਾ ਆਉਣ ਲਈ ਮਜਬੂਰ ਅਤੇ ਰੁਜ਼ਗਾਰ ਤੋਂ ਵਾਂਝੇ ਹੋਏ ਗਰੀਬ ਲੋਕਾਂ ਦੀ ਮੁਸ਼ਕਲ ਨੂੰ ਮਹਿਸੂਸ ਕਰਦੇ ਹੋਏ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਸ਼ਲਾਘਾਯੋਗ ਉਪਰਾਲਾ ਕੀਤਾ। ਉਨ੍ਹਾਂ ਆਪਣੇ ਘਰ ਇਕ ਹਜਾਰ ਲੋਕਾਂ ਦਾ ਲੰਗਰ ਤਿਆਰ ਕਰਵਾਇਆ ਅਤੇ ਸਲਮ ਬਸਤੀਆਂ ਵਿਚ ਜਾ ਕੇ ਆਪਣੇ ਹੱਥਾਂ ਨਾਲ ਉੱਥੇ ਰਹਿੰਦੇ ਗਰੀਬ ਲੋਕਾਂ ਨੂੰ ਲੰਗਰ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਲੋਕ ਰੋਜਾਨਾ ਰੁਜਗਾਰ ਲਈ ਸਵੇਰ ਨੂੰ ਨਿਕਲਦੇ ਅਤੇ ਸ਼ਾਮ ਨੂੰ ਰੋਟੀ ਦਾ ਇੰਤਜਾਮ ਕਰਕੇ ਵਾਪਸ ਮੁੜਦੇ ਹਨ ਪਰ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਹਾਲਾਤਾਂ ਨੇ ਇਹਨਾਂ ਨੂੰ ਦੋ ਵਕਤ ਦੀ ਰੋਟੀ ਤੋਂ ਵੀ ਬੇਜਾਰ ਕਰ ਦਿੱਤਾ ਹੈ। ਇਸ ਲਈ ਉਨ•ਾਂ ਨੇ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਇਹ ਛੋਟਾ ਜਿਹਾ ਉੁਪਰਾਲਾ ਕਰਕੇ ਇਹਨਾਂ ਲੋਕਾਂ ਨੂੰ ਥੋੜੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ 24 ਮਾਰਚ ਤੋਂ ਰੋਜਨਾ ਦੋ ਹਜਾਰ ਲੋਕਾਂ ਦਾ ਲੰਗਰ ਤਿਆਰ ਕਰਵਾਉਣਗੇ ਜੋ ਸਲਮ ਬਸਤੀਆਂ ਵਿਚ ਵੰਡਿਆ ਜਾਵੇਗਾ। ਜਦੋਂ ਤੱਕ ਲਾਕ ਡਾਊਨ ਦੀ ਸਥਿਤੀ ਖਤਮ ਨਹੀਂ ਹੁੰਦੀ ਰੋਜਾਨਾ ਇਹ ਉਪਰਾਲਾ ਜਾਰੀ ਰਹੇਗਾ। ਉਨ•ਾਂ ਸਮਾਜ ਸੇਵੀ ਜੱਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਸੰਸਥਾ ਇਸ ਔਖੀ ਘੜੀ ਵਿਚ ਕਿਸੇ ਤਰ•ਾਂ ਦੀ ਸੇਵਾ ‘ਚ ਹਿੱਸਾ ਪਾਉਣਾ ਚਾਹੁੰਦੀ ਹੈ ਤਾਂ ਐਸ.ਡੀ.ਐਮ. ਫਗਵਾੜਾ ਜਾਂ ਖੁਦ ਉਨ੍ਹਾਂ ਨਾਲ ਰਾਬਤਾ ਕੀਤਾ ਜਾਵੇ। ਆਪਣੇ ਤੌਰ ਤੇ ਕੁੱਝ ਕਰਨ ਦਾ ਜੋਖਿਮ ਬਿਲੁਕਲ ਨਾ ਲੈਣ ਅਤੇ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾਂ ਤੋਂ ਬਚਿਆ ਜਾਵੇ। ਇਸ ਦੌਰਾਨ ਉਕਤ ਸਲਮ ਬਸਤੀਆਂ ਦੇ ਵਸਨੀਕਾਂ ਨੂੰ ਸਾਬਣ ਵੀ ਵੰਡੇ ਗਏ ਅਤੇ ਸਾਫ ਸਫਾਈ ਰੱਖਣ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਸੁਚੇਤ ਕੀਤਾ ਗਿਆ। ਵਿਧਾਇਕ ਧਾਲੀਵਾਲ ਦੇ ਇਸ ਉੁਪਰਾਲੇ ਦੀ ਸਮੂਹ ਫਗਵਾੜਾ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸ ਆਗੂ ਵਿਨੋਦ ਵਰਮਾਨੀ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਕਮਲ ਧਾਲੀਵਾਲ, ਰਾਜੀਵ ਸ਼ਰਮਾ, ਰਘੂ ਸ਼ਰਮਾ, ਹਨੀ ਧਾਲੀਵਾਲ, ਈਸ਼ੂ ਵਰਮਾਨੀ, ਪੰਕਜ, ਉਦੈ ਖੁੱਲਰ, ਯੁਵਰਾਜ ਅਤੇ ਪਾਰਸ ਆਦਿ ਨੇ ਵੀ ਲੰਗਰ ਵੰਡਣ ਦੀ ਸੇਵਾ ਨਿਭਾਈ।
ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ‘ਚ ਲਿਆ ਹਾਲਾਤ ਦਾ ਜਾਇਜ਼ਾ- ਸਲਮ ਬਸਤੀਆਂ ‘ਚ ਲੰਗਰ ਦੀ ਸੇਵਾ ਵਰਤਾਉਣ ਉਪਰੰਤ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਪ੍ਰਸ਼ਾਸਨ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਬ-ਡਵੀਜਨ ‘ਚ ਕੋਰੋਨਾ ਵਾਇਰਸ ਨਾਲ ਬਣੇ ਤਾਜਾ ਹਾਲਾਤ ਅਤੇ ਜਨਤਾ ਦੀ ਸੁਰੱਖਿਆ ਤੇ ਸੁਵਿਧਾ ਲਈ ਚੁਕੇ ਜਾ ਰਹੇ ਕਦਮਾਂ ਦਾ ਜਾਇਜਾ ਲਿਆ। ਮੀਟਿੰਗ ਵਿਚ ਐਸ.ਡੀ.ਐਮ. ਬਲਵਿੰਦਰ ਸਿੰਘ ਧਾਲੀਵਾਲ, ਐਸ.ਪੀ. ਮਨਵਿੰਦਰ ਸਿੰਘ ਤੋਂ ਇਲਾਵਾ ਨਗਰ ਨਿਗਮ ਕਮੀਸ਼ਨਰ ਅਤੇ ਸਾਰੇ ਥਾਣਾ ਮੁਖੀ ਹਾਜਰ ਸਨ। ਇਸ ਮੌਕੇ ਉਨ੍ਹਾਂ ਜਿੱਥੇ ਅਧਿਕਾਰੀਆਂ ਨੂੰ ਸਰਕਾਰੀ ਹੁਕਮਾ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੀ ਹਦਾਇਤ ਕੀਤੀ ਉੱਥੇ ਹੀ ਆਮ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਾਹਰ ਨਿਕਲ ਕੇ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਨਾ ਕਰਨ ਨਹੀਂ ਤਾਂ ਪੁਲਿਸ ਨੂੰ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ। ਜੇਕਰ ਕੋਈ ਐਮਰਜੰਸੀ ਹੋਵੇ ਤਾਂ ਹੀ ਪਰਿਵਾਰ ਦਾ ਸਿਰਫ ਇਕ ਮੈਂਬਰ ਹੀ ਬਾਹਰ ਨਿਕਲੇ। ਜਰੂਰਤ ਮਹਿਸੂਸ ਹੋਣ ਤੇ ਹੈਲਪ ਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਗੁਰਜੀਤ ਪਾਲ ਵਾਲੀਆ, ਮਦਨ ਮੋਹਨ ਖੱਟੜ ਆਦਿ ਵੀ ਹਾਜਰ ਸਨ।