ਫਗਵਾੜਾ ( ਡਾ ਰਮਨ)
ਕੋਵਿਡ-19 ਇਕ ਵਾਇਰਸ ਹੈ, ਜੋ ਇਕ ਤੋਂ ਦੂਜੇ ਨੂੰ ਮੂੰਹ ਅਤੇ ਨੱਕ ਵਿਚੋਂ ਨਿਕਲੇ ਵਾਸ਼ਪ ਨਾਲ ਫ਼ੈਲਦਾ ਹੈ। ਇਸ ਵਾਇਰਸ ਤੋਂ ਡਰਨ ਦੀ ਲੋੜ ਹੈ ਪਰ ਘਬਰਾਉਣ ਦੀ ਲੋੜ ਨਹੀਂ। ਇਹ ਪ੍ਰਗਟਾਵਾ ਸੀਨੀਅਰ ਮੈਡੀਕਲ ਅਫ਼ਸਰ ਮੁਢਲਾ ਸਿਹਤ ਕੇਂਦਰ ਢਿਲਵਾਂ ਡਾ. ਜਸਵਿੰਦਰ ਕੁਮਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਸਮੁੱਚੇ ਸੰਸਾਰ ਵਿਚ ਫੈਲ ਚੁੱਕਾ ਹੈ। ਉਨਾਂ ਕਿਹਾ ਕਿ ਇਸ ਤੋਂ ਬਚਾਅ ਲਈ ਸਿਵਲ ਸਰਜਨ ਡਾ. ਜਸਮੀਤ ਬਾਵਾ ਦੀ ਅਗਵਾਈ ਹੇਠ ਕਪੂਰਥਲਾ ਜ਼ਿਲੇ ਵਿਚ ਢੁਕਵੇਂ ਉਪਾਅ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਦੁਆਰਾ ਆਪਣਾ ਕੰਮ ਕੀਤਾ ਜਾ ਰਿਹਾ ਹੈ ਪਰੰਤੂ ਇਕੱਲੇ ਸਿਹਤ ਵਿਭਾਗ ਦੁਆਰਾ ਕੀਤੇ ਜਾਣ ਵਾਲੇ ਕੰਮ ਕਾਫੀ ਨਹੀਂ ਹਨ। ਇਸ ਲਈ ਆਮ ਲੋਕਾਂ ਨੂੰ ਵੀ ਆਪਣਾ ਫਰਜ਼ ਸਮਝਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਇਹ ਵਾਇਰਸ ਇਕ ਤੋਂ ਦੂਜੇ ਤੱਕ ਮੂੰਹ ਅਤੇ ਨੱਕ ਵਿਚੋਂ ਨਿਕਲੇ ਵਾਸ਼ਪ ਨਾਲ ਫ਼ੈਲਦਾ ਹੈ। ਇਸ ਲਈ ਇਕ-ਦੂਜੇ ਤੋਂ ਦੂਰੀ ਬਣਾਈ ਰੱਖਣੀ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਇਕ-ਦੂਜੇ ਦੀ ਲਾਗ ਤੋਂ ਬਚਣ ਲਈ ਆਪਣੇ ਹੱਥਾਂ ਦੀ ਸਾਫ਼-ਸਫ਼ਾਈ ਬਹੁਤ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਆਮ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਤੋਂ ਤੁਹਾਨੂੰ ਹੋਰ ਕੋਈ ਨਹੀਂ ਬਚਾਅ ਸਕਦਾ, ਜਦੋਂ ਤੱਕ ਤੁਸੀਂ ਖੁਦ ਆਪਣੇ ਆਪ ਨੂੰ ਨਹੀਂ ਬਚਾਉਂਦੇ। ਇਸ ਤੋਂ ਇਲਾਵਾ ਇਕ ਗੱਲ ਹੋਰ ਜੋ ਧਿਆਨ ਵਿਚ ਰੱਖਣ ਵਾਲੀ ਹੈ ਕਿ ਇਸ ਵਾਇਰਸ ਨਾਲ ਮੌਤ ਦਰ ਬਹੁਤ ਘੱਟ ਹੈ। ਇਸ ਲਈ ਇਸ ਵਾਇਰਸ ਤੋਂ ਡਰਨ ਦੀ ਲੋੜ ਹੈ, ਘਬਰਾਉਣ ਦੀ ਲੋੜ ਨਹੀਂ। ਉਨਾਂ ਕਿਹਾ ਕਿ ਸਾਡੇ ਸਰੀਰਾਂ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਮੌਜੂਦ ਹੈ ਅਤੇ ਇਕ ਤੰਦਰੁਸਤ ਵਿਅਕਤੀ ਇਸ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਠੀਕ ਹੋ ਸਕਦਾ ਹੈ, ਜੇਕਰ ਉਹ ਇਲਾਜ ਕਰ ਰਹੇ ਡਾਕਟਰ ’ਤੇ ਯਕੀਨ ਰੱਖੇ ਅਤੇ ਚੜਦੀ ਕਲਾ ਵਿਚ ਰਹੇ। ਉਨਾਂ ਕਿਹਾ ਇਸ ਸਮੇਂ ਅਸੀਂ ਸਾਰੇ ਇਕ ਜੰਗ ਲੜ ਰਹੇ ਹਾਂ ਅਤੇ ਜੰਗਾਂ ਹੌਸਲੇ ਨਾਲ ਹੀ ਜਿੱਤੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਕਿਸੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਠੀਕ ਨਹੀਂ ਹੋਵੇਗਾ। ਉਨਾਂ ਕਿਹਾ ਕਿ ਯਕੀਨ ਅਤੇ ਹੌਸਲੇ ਨਾਲ ਹਰੇਕ ਲੜਾਈ ਜਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਹ ਵਾਇਰਸ ਇੰਨਾ ਵੀ ਘਾਤਕ ਨਹੀਂ ਹੈ, ਜਿੰਨਾ ਇਸ ਨੂੰ ਆਮ ਲੋਕਾਂ ਦੁਆਰਾ ਸਮਝ ਲਿਆ ਗਿਆ ਹੈ। ਉਨਾਂ ਕਿਹਾ ਕਿ ਆਪਣੀ ਖ਼ੁਰਾਕ ਸਹੀ ਰੱਖੋ, ਖੁਸ਼ ਰਹੋ, ਚੜਦੀ ਕਲਾ ਵਿਚ ਰਹੋ, ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖੋ ਅਤੇ ਆਪਣੇ ਹੱਥਾਂ ਨੂੰ ਬਿਨਾਂ ਧੋਤਿਆਂ ਆਪਣੇ ਮੂੰਹ ਵੱਲ ਨਾ ਲੈ ਕੇ ਜਾਓ। ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰੋ ਅਤੇ ਘਰਾਂ ਵਿਚੋਂ ਬਾਹਰ ਨਾ ਨਿਕਲੋ। ਉਨਾਂ ਕਿਹਾ ਕਿ ਇਸ ਸਮੇਂ ਹੌਸਲੇ ਅਤੇ ਯਕੀਨ ਦੀ ਲੋੜ ਹੈ। ਸਿਹਤ ਵਿਭਾਗ ’ਤੇ ਯਕੀਨ ਰੱਖੋ, ਸਾਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈ ਅਤੇ ਅਸੀਂ ਕਰ ਰਹੇ ਹਾਂ, ਪਰੰਤੂ ਤੁਹਾਨੂੰ ਵੀ ਸਾਥ ਦੇਣਾ ਹੋਵੇਗਾ ਇਸ ਲੜਾਈ ਨੂੰ ਜਿੱਤਣ ਲਈ।