ਸ਼ਾਹਕੋਟ: ਮਲਸੀਆ(ਸਾਹਬੀ ਦਾਸੀਕੇ)

ਭਾਰਤ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਆਪਣਾ ਬਚਾਅ ਕਰਨ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ (ਸੀਐਚਸੀ) ਸ਼ਾਹਕੋਟ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਅਫਸਰਾਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਨ, ਤਾਂ ਜੋ ਲੋਕਾਂ ਅੰਦਰ ਭੈਅ ਦੀ ਸਥਿਤੀ ਨੂੰ ਦੂਰ ਕੀਤਾ ਜਾਵੇ।
ਇਸ ਮੌਕੇ ਡਾ. ਅਮਰਦੀਪ ਸਿੰਘ ਦੁੱਗਲ ਨੇ ਕਿਹਾ ਕਿ ਚੀਨ ਤੋਂ ਬਾਅਦ ਕਈ ਹੋਰ ਦੇਸ਼ ਵੀ ਕੋਰੋਨਾ ਵਾਇਰਸ ਕਾਰਣ ਹੋਈ ਬੀਮਾਰੀ ਦੀ ਚਪੇਟ ਵਿੱਚ ਆ ਗਏ ਹਨ। ਇਸ ਲਈ ਜ਼ਰੂਰੀ ਹੈ ਕਿ ਬੀਤੇ ਦਿਨੀ ਵਿਦੇਸ਼ ਤੋਂ ਪਰਤਿਆ ਹਰੇਕ ਵਿਅਕਤੀ ਆਪਣਾ ਖਿਆਲ ਰੱਖੇ। ਖਾਸ ਤੌਰ ਤੇ ਵਿਦੇਸ਼ ਤੋਂ ਭਾਰਤ ਆਉਣ ਦੇ 14 ਦਿਨਾਂ ਦੇ ਅੰਦਰ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸੁੱਕੀ ਖੰਗ, ਸਾਂਹ ਲੈਣ ਵਿੱਚ ਤਕਲੀਫ ਵਰਗੀਆਂ ਪਰੇਸ਼ਾਨੀਆਂ ਹੋਣ, ਤਾਂ ਉਸਨੂੰ ਤੁਰੰਤ ਇਸ ਬਾਰੇ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਇਸ ਸਥਿਤੀ ਵਿੱਚ ਘਰੋਂ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਡਾ. ਦੁੱਗਲ ਨੇ ਸਟਾਫ ਮੈਂਬਰਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਿੰਡ ਪੱਧਰ ਤੇ ਗਤੀਵਿਧੀਆਂ ਕਰਨ। ਸੈਮੀਨਾਰ ਲਗਾ ਕੇ ਲੋਕਾਂ ਨੂੰ ਦੱਸਿਆ ਜਾਵੇ ਕਿ ਉਹ ਇੱਕ-ਦੂਜੇ ਦੇ ਨਾਲ ਹੱਥ ਮਿਲਾਉਣ ਅਤੇ ਗਲੇ ਮਿਲਣ ਤੋਂ ਪਰਹੇਜ਼ ਕਰਨ। ਕਿਸੇ ਨੂੰ ਖਾਂਸੀ ਜਾਂ ਜੁਕਾਮ ਹੈ, ਤਾਂ ਉਹ ਖੰਗਦੇ-ਛਿੱਕਦੇ ਸਮੇਂ ਮੁੰਹ ਅੱਗੇ ਰੁਮਾਲ ਰੱਖਣ। ਖੰਗ-ਜੁਕਾਮ ਦੇ ਮਰੀਜ਼ ਕਿਸੇ ਵੀ ਜਨਤਕ ਸਥਾਨ ਤੇ ਜਾਣ ਤੋਂ ਪਰਹੇਜ਼ ਕਰਨ।
ਇਸ ਮੌਕੇ ਬੀਈਈ ਚੰਦਨ ਮਿਸ਼ਰਾ ਨੇ ਕਿਹਾ ਕਿ ਸਿਹਤ ਵਿਭਾਗ ਉਨ੍ਹਾਂ ਲੋਕਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ, ਜੋ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚੀਨ ਜਾਂ ਹੋਰ ਅਜੀਹੇ ਦੇਸ਼ਾਂ ਤੋਂ ਭਾਰਤ ਆਏ ਹਨ ਜਾਂ ਉਨ੍ਹਾ ਰਾਹੀਂ ਆਏ ਹਨ। ਇਨ੍ਹਾਂ ਸਾਰੇ ਲੋਕਾਂ ਨੂੰ 14 ਦਿਨਾਂ ਤੱਕ ਰੋਜ਼ਾਨਾ ਸੰਪਰਕ ਕਰਕੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ, ਤਾਂ ਜੋ ਕਿਸੇ ਦੇ ਅੰਦਰ ਕੋਈ ਲੱਛਣ ਦਿਖਾਈ ਦੇਣ ਤੇ ਫੋਰਨ ਹਸਪਤਾਲ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਬੀਮਾਰੀ ਤੋਂ ਬਚਣ ਲਈ ਸਾਫ-ਸਫਾਈ ਦਾ ਵਧੇਰੇ ਖਿਆਲ ਰੱਖਣ। ਬਾਹਰੋਂ ਖਾਣ-ਪੀਣ ਦੀਆਂ ਚੀਜਾਂ ਨਾ ਖਾਣ। ਹੱਥਾਂ ਦੀ ਵੱਧ ਤੋਂ ਵੱਧ ਸਫਾਈ ਰੱਖਣ। ਆਪਣੇ ਮੁੰਹ ਜਾਂ ਨੱਕ ਨੂੰ ਵਾਰ-ਵਾਰ ਨਾ ਛੂਹਣ, ਕਿਉਂਕਿ ਵਾਇਰਸ ਮੂੰਹ ਤੇ ਨੱਕ ਰਾਹੀਂ ਹੀ ਸਰੀਰ ਵਿੱਚ ਦਾਖਲ ਹੁੰਦਾ ਹੈ। ਮੀਟਿੰਗ ਵਿੱਚ ਸੀਐਚਓ ਪਰਮਿੰਦਰ ਕੌਰ, ਨੋਬਿਆ, ਪਵਨਦੀਪ ਕੌਰ, ਅਵਨੀਤ ਕੌਰ, ਸੁਮਨਦੀਪ ਕੌਰ, ਕਿਰਨਦੀਪ ਕੌਰ ਆਦਿ ਵੀ ਮੌਜੂਦ ਸਨ।