*ਸਿਵਲ ਹਸਪਤਾਲ ਦੇ ਮੈਡੀਕਲ ਵਾਰਡ ਨੂੰ ਕਾਇਆ ਕਲਪ ਤੋਂ ਬਾਅਦ ਕੀਤਾ ਲੋਕ ਅਰਪਿਤ
*ਸਰਜੀਕਲ ਵਾਰਡ ਨੂੰ ਵੀ ਨਵਾਂ ਰੂਪ ਦਿੱਤੇ ਜਾਣ ਦਾ ਕੀਤਾ ਐਲਾਨ
ਫਗਵਾੜਾ (ਡਾ ਰਮਨ)
ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਸਪਤਾਲਾਂ ਅਤੇ ਇਥੋਂ ਦੇ ਮੈਡੀਕਲ ਸਟਾਫ ਵੱਲੋਂ ਜੀਅ-ਜਾਨ ਨਾਲ ਦਿੱਤੀਆਂ ਗਈਆਂ ਸੇਵਾਵਾਂ ਬੇਹੱਦ ਸ਼ਲਾਘਾਯੋਗ ਹਨ। ਇਹ ਪ੍ਰਗਟਾਵਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਸਿਵਲ ਹਸਪਤਾਲ ਦੇ ਮੈਡੀਕਲ ਵਾਰਡ ਦੀ ਕਾਇਆ ਕਲਪ ਕਰਨ ਤੋਂ ਬਾਅਦ ਇਸ ਨੂੰ ਲੋਕ ਅਰਿਪਤ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਸਰਕਾਰੀ ਹਸਪਤਾਲਾਂ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੇ ਜਿਸ ਤਰਾਂ ਆਪਣੀਆਂ ਜਾਨਾਂ ਜੋਖਿਮ ਵਿਚ ਪਾ ਕੇ ਮੁਹਾਰਤ ਨਾਲ ਕੰਮ ਕੀਤਾ ਹੈ, ਉਸ ਦਾ ਕੋਈ ਮੁਕਾਬਲਾ ਨਹੀਂ। ਉਨਾਂ ਕਿਹਾ ਕਿ ਸਿਵਲ ਹਸਪਤਾਲ ਦੇ ਮੈਡੀਕਲ ਵਾਰਡ ਨੂੰ ਨਵਾਂ ਰੂਪ ਦੇ ਕੇ ਅੱਜ ਲੋਕ ਅਰਪਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਹੁਣ ਹਸਪਤਾਲ ਦੇ ਸਰਜੀਕਲ ਵਾਰਡ ਦੀ ਦਸ਼ਾ ਸੁਧਾਰਨ ਦਾ ਕੰਮ ਵੀ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨਾਂ ਦੇ ਮਨ ਵਿਚ ਇਕੋ ਗੱਲ ਸੀ ਕਿ ਕਿਸੇ ਤਰਾਂ ਮਾਨਵਤਾ ਦੀ ਸੇਵਾ ਕੀਤੀ ਜਾਵੇ। ਇਸ ਲਈ ਉਨਾਂ ਨੇ ਸਿਵਲ ਹਸਪਤਾਲ ਦੇ 40 ਬੈੱਡਾਂ ਵਾਲੇ ਮੈਡੀਕਲ ਵਾਰਡ ਨੂੰ ਚੁਣ ਕੇ ਇਸ ਨੂੰ ਸਾਰੀਆਂ ਬੁਨਿਆਦੀ ਸੁਵਿਧਾਵਾਂ ਨਾਲ ਲੈਸ ਕਰਨ ਦਾ ਬੀੜਾ ਚੁੱਕਿਆ। ਉਨਾਂ ਦੱਸਿਆ ਕਿ ਇਸ ਤਹਿਤ ਵਾਰਡ ਦੀਆਂ ਫਰਸ਼ਾਂ, ਟਾਈਲਾਂ, ਵਾਸ਼ਰੂਮਾਂ ਆਦਿ ਨੂੰ ਨਵਾਂ ਰੂਪ ਦੇਣ ਤੋਂ ਇਲਾਵਾ ਬੈੱਡਾਂ, ਟੇਬਲਾਂ, ਪੱਖਿਆਂ, ਗੱਦਿਆਂ, ਬੈੱਡ ਸ਼ੀਟਾਂ ਆਦਿ ਦੀ ਦਸ਼ਾ ਸੁਧਾਰੀ ਗਈ ਹੈ। ਇਸੇ ਤਰਾਂ ਵਾਰਡ ਵਿਚ ਮਰੀਜ਼ਾ ਦੇ ਨਾਲ ਆਉਣ ਵਾਲੇ ਬੱਚਿਆਂ ਲਈ ਇਕ ਟੁਆਏ ਰੂਮ ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਛੋਟੇ ਬੱਚੇ ਹਸਪਤਾਲ ਆਉਣ ਦੌਰਾਨ ਮਨੋਰੰਜਨ ਨਾਲ ਜੁੜ ਸਕਣ। ਉਨਾਂ ਕਿਹਾ ਕਿ ਹੁਣ ਇਹ ਵਾਰਡ ਆਲੀਸ਼ਾਨ ਬਣ ਚੁੱਕਾ ਹੈ ਅਤੇ ਹੁਣ ਜਲਦ ਹੀ ਸਰਜੀਕਲ ਵਾਰਡ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਹਸਪਤਾਲ ਦੀਆਂ ਐਂਬੂਲੈਂਸਾਂ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਨੌਜਵਾਨ ਵਲੰਟੀਅਰਾਂ ਦੀ ਟੀਮ ਵੀ ਸਿਵਲ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਦੇ ਰਹੀ ਹੈ, ਜਿਸ ਤਹਿਤ 22 ਨੌਜਵਾਨਾਂ ਨੇ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਇਸ ਮੌਕੇ ਐਸ. ਐਮ. ਓ ਡਾ. ਤਾਰਾ ਸਿੰਘ, ਡਾ. ਸੰਦੀਪ ਧਵਨ, ਡਾ. ਰਵਜੀਤ ਸਿੰਘ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਸ੍ਰੀ ਮਨੋਜ ਭਸੀਨ, ਮਾਰਕੀਟ ਕਮੇਟੀ ਦੇ ਉੱਪ ਚੇਅਰਮੈਨ ਸ੍ਰੀ ਰਜਿੰਦਰ ਕੌੜਾ, ਸ੍ਰੀ ਨਰਿੰਦਰ ਸਿੰਘ ਮੰਨਸੂ, ਸ੍ਰੀ ਵਿਸ਼ਾਲ ਸੋਨੀ, ਸ੍ਰੀ ਵਿਕਾਸ ਸ਼ਰਮਾ, ਸ੍ਰੀ ਕੁਲਦੀਪ ਸ਼ਰਮਾ, ਸ. ਸੁਰਿੰਦਰ ਪਾਲ ਸਿੰਘ ਖਾਲਸਾ, ਸ੍ਰੀ ਮੁਨੀਸ਼ ਅਗਰਵਾਲ, ਸ੍ਰੀ ਕਰਨ ਮਹਾਜਨ, ਸ. ਹਰਜੀਤ ਸਿੰਘ ਬੱਬਾ ਤੋਂ ਇਲਾਵਾ ਹਸਪਤਾਲ ਦਾ ਮੈਡੀਕਲ ਸਟਾਫ ਹਾਜ਼ਰ ਸੀ।