ਫਰੀਦਕੋਟ ਦੇ ਹਰਿੰਦਰਾ ਨਗਰ ਦੇ ਵਸਨੀਕ ਅਤੇ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪਾਜਟਿਵ ਮਰੀਜ਼ ਦੇ ਘਰ ਅੱਜ ਦੂਹਰੀਆਂ ਖੁਸ਼ੀਆਂ ਆਈਆਂ ਹਨ। ਜਿੱਥੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਉਕਤ ਮਰੀਜ਼ ਦੇ ਇਲਾਜ ਮਗਰੋਂ ਲਏ ਗਏ ਪਹਿਲੇ ਸੈਂਪਲ ਜਾਂਚ ਲਈ ਅੰਮਿਤਸਰ ਵਿਖੇ ਭੇਜੇ ਗਏ ਸਨ ਅਤੇ ਬੀਤੀ ਸ਼ਾਮ ਉਨ੍ਹਾਂ ਦੀ ਰਿਪੋਰਟ ਵੀ ਨੈਗਟਿਵ ਪ੍ਰਾਪਤ ਹੋਈ ਹੈ। ਸਿਵਲ ਸਰਜਨ ਡਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਮਰੀਜ਼ ਦੀ ਅਗਲੀ ਰਿਪੋਰਟ ਪੂਨੇ ਲੈਬਾਰਟਰੀ ਵਿਖੇ ਜਾਂਚ ਲਈ ਭੇਜੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਜ਼ਿਲ੍ਹੇ ਦੇ ਤਿੰਨੇ ਕੋਰੋਨਾ ਪਾਜਟਿਵ ਮਰੀਜ਼ ਪੂਰੀ ਤਰ੍ਹਾਂ ਠੀਕ ਠਾਕ ਅਤੇ ਤੰਦਰੁਸਤ ਹਨ ਤੇ ਉਨ੍ਹਾਂ ਦੇ ਇਲਾਜ ਦੌਰਾਨ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।

ਬੀਤੀ ਰਾਤ ਹੀ ਇੱਥੋਂ ਦੇ ਡਾਕਟਰਾਂ ਦੀ ਟੀਮ ਵੱਲੋਂ ਸਿਵਲ ਹਸਪਤਾਲ ਵਿਖੇ ਇਸ ਪਹਿਲੇ ਕਰੋਨਾ ਪਾਜਟਿਵ ਮਰੀਜ਼ ਦੀ ਪਤਨੀ ਜੋ ਕਿ ਗਰਭਵਤੀ ਸੀ ਅਤੇ ਉਸ ਦੀ ਕਰੋਨਾ ਰਿਪੋਰਟ ਵੀ ਨੈਗਟਿਵ ਆਈ ਸੀ ਦੀ ਡਿਲੀਵਰੀ ਪੂਰੀ ਸਫ਼ਲਤਾ ਨਾਲ ਕੀਤੀ ਗਈ ਅਤੇ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ।

ਫਰੀਦਕੋਟ ਦੇ ਐਸ. ਐਮ .ਓ ਡਾ:ਚੰਦਰ ਸ਼ੇਖਰ ਨੇ ਦੱਸਿਆ ਕਿ ਜੱਚਾ ਤੇ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਮੈਡੀਕਲ ਸਟਾਫ ਵੱਲੋਂ ਉਨ੍ਹਾਂ ਨੂੰ ਆਪਣੀ ਨਿਗਰਾਨੀ ਅਤੇ ਦੇਖ ਰੇਖ ਅਧੀਨ ਰੱਖਿਆ ਗਿਆ ਹੈ।