*ਲਾਕਡਾੳੂਨ ਲੋਕ ਹਿੱਤ ਲਈ, ਬੇਵਜਾ ਬਾਹਰ ਨਾ ਨਿਕਲੋ
ਫਗਵਾੜਾ (ਡਾ ਰਮਨ /ਅਜੇ ਕੋਛੜ)
ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਅਤੇ ਇਸ ਦੀ ਚੇਨ ਤੋੜਨ ਲਈ ਸਰਕਾਰ ਵੱਲੋਂ ਲਗਾਏ ਕਰਫਿੳੂ ਦਾ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਕਰਦਿਆਂ ਕਹੇ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲੇ ਦੇ ਸਾਰੇ ਬਲਾਕਾਂ ਵਿਚ 10 ਅਤੇ ਸੈਕਟਰ ਵਾਈਜ਼ 26 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਹੜੀਆਂ ਫੀਡ ਵਿਚ ਜਾ ਕੇ ਲੋਕਾਂ ਦੀ ਸਕਰੀਨਿੰਗ ਕਰ ਰਹੀਆਂ ਹਨ। ਉਨਾਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਕਿ ਉਹ ਘਰਾਂ ਵਿਚ ਹੀ ਰਹਿਣ ਅਤੇ ਬਾਹਰ ਜਾਣ ਤੋਂ ਗੁਰੇਜ਼ ਕਰਨ। ਡਾ. ਜਸਮੀਤ ਬਾਵਾ ਨੇ ਕਿਹਾ ਕਿ ਜੇਕਰ ਘਰ ਵਿਚ ਕਿਸੇ ਮੈਂਬਰ ਨੂੰ ਖਾਂਸੀ, ਬੁਖਾਰ ਆਦਿ ਦੇ ਲੱਛਣ ਹਨ ਤਾਂ ਉਨਾਂ ਤੋਂ ਦੂਰੀ ਬਣਾ ਕੇ ਰੱਖੋ। ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਸਿਹਤ ਵਿਭਾਗ ਦੀ ਕੋਸ਼ਿਸ਼ ਹੈ ਕਿ ਇਸ ਵਾਇਰਸ ਨੂੰ ਫੈਲਣ ਹੀ ਨਾ ਦਿੱਤਾ ਜਾਵੇ ਅਤੇ ਇਹ ਤਦ ਹੀ ਸੰਭਵ ਹੈ ਜੇਕਰ ਲੋਕ ਉਨਾਂ ਦਾ ਸਹਿਯੋਗ ਕਰਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿਚ ਰਹਿਣਾ ਸਭਨਾਂ ਲਈ ਸੁਰੱਖਿਅਤ ਰਹਿਣ ਦਾ ਤਰੀਕਾ ਹੈ। ਡਾ. ਜਸਮੀਤ ਬਾਵਾ ਨੇ ਕਿਹਾ ਕਿ ਸਿਹਤ ਵਿਭਾਗ ਇਸ ਵਾਇਰਸ ’ਤੇ ਠੱਲ ਪਾਉਣ ਲਈ ਹਰ ਤਰਾਂ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਭਾਗ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਖੁਪਤਾ ਇੰਤਜ਼ਾਮ ਕੀਤੇ ਗਏ ਹਨ। ਉਨਾਂ ਜ਼ੋਰ ਦਿੱਤਾ ਕਿ ਬਿਨਾਂ ਵਜਾ ਘਰੋਂ ਬਾਹਰ ਨਾ ਨਿਕਲਿਆ ਜਾਵੇ। ਜ਼ਰੂਰੀ ਵਸਤਾਂ ਦੀ ਖ਼ਰੀਦਦਾਰੀ ਕਰਨ ਲਈ ਘਰ ਦਾ ਸਿਰਫ ਇਕ ਮੈਂਬਰ ਹੀ ਬਾਹਰ ਜਾਵੇ ਅਤੇ ਘਰ ਅੰਦਰ ਆਉਣ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤੀ ਜਾਵੇ, ਜਿਵੇਂ ਕਿ ਹੱਥ, ਪੈਰ ਚੰਗੀ ਤਰਾਂ ਧੋਤੇ ਜਾਣ। ਉਨਾਂ ਕਿਹਾ ਕਿ ਖਾਂਸੀ ਜਾਂ ਛਿੱਕਣ ਵੇਲੇ ਮੂੰਹ ਅਤੇ ਨੱਕ ਕੂਹਣੀ ਅੱਗੇ ਰੱਖਿਆ ਜਾਵੇ। ਡਾ. ਜਸਮੀਤ ਬਾਵਾ ਨੇ ਕਿਹਾ ਕਿ ਕਿਸੇ ਵੀ ਤਰਾਂ ਦੀ ਕੋਤਾਹੀ ਕੋਰੋਨਾ ਵਾਇਰਸ ਦੇ ਚੱਲਦਿਆਂ ਸਭਨਾਂ ਲਈ ਖ਼ਤਰਨਾਮ ਸਿੱਧ ਹੋ ਸਕਦੀ ਹੈ। ਉਨਾਂ ਜ਼ੋਰ ਦਿੱਤਾ ਕਿ ਸਰਕਾਰ ਵੱਲੋਂ ਲਾਗੂ ਕੀਤੇ ਲਾਕਡਾੳੂਨ ਦੀ ਪਾਲਣਾ ਕਰਦਿਆਂ ਸਭਨਾਂ ਨੂੰ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਯੋਗਦਾਨ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਵਧਾਨੀ ਵਿਚ ਹੀ ਬਚਾਅ ਹੈ ਅਤੇ ਸਾਡੇ ਸਭਨਾਂ ਦੇ ਯਤਨਾਂ ਇਸ ਵਾਇਰਸ ਨੂੰ ਪੈਰ ਪਸਾਰਨ ਤੋਂ ਰੋਕ ਸਕਦੇ ਹਨ।
ਬਾਕਸ :
ਜ਼ਿਕਰਯੋਗ ਹੈ ਕਿ ਅੱਜ ਜ਼ਿਲੇ ਵਿਚ ਕੋਈ ਵੀ ਸ਼ੱਕੀ ਮਰੀਜ਼ ਸਾਹਮਣੇ ਨਹੀਂ ਆਇਆ। ਪਿਛਲੇ ਦਿਨੀਂ ਭੁਲੱਥ ਦੇ ਪਿੰਡ ਸੀਕਰੀ ਦਾ ਜਿਹੜਾ ਸ਼ੱਕੀ ਮਰੀਜ਼ ਸਾਹਮਣੇ ਆਇਆ ਸੀ, ਉਸ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਸਿਹਤ ਵਿਭਾਗ ਦੀ ਲੋਕਾ ਨੂੰ ਅਪੀਲ ਹੈ ਕਿ ਜੇਕਰ ਖਾਂਸੀ, ਜੁਕਾਮ ਵਰਗੇ ਲੱਛਣ ਨਜ਼ਰ ਆਉਣ ਤਾਂ ਉਹ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਦੇ ਫਲੂ ਕਾਰਨਰ ਵਿਖੇ ਸੰਪਰਕ ਕਰਨ।