*ਡਿਪਟੀ ਕਮਿਸ਼ਨਰ ਨੇ ਆਂਗਣਵਾੜੀ ਵਰਕਰਾਂ ਨੂੰ ਕੋਰੋਨਾ ਯੋਧਿਆਂ ਦੇ ਲਗਾਏ ਬੈਜ
ਫਗਵਾੜਾ (ਡਾ ਰਮਨ )
ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ’ਤੇ ਜਿੱਤ ਹਾਸਲ ਕਰਨ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਆਂਗਣਵਾੜੀ ਵਰਕਰਾਂ ਨੂੰ ਕੋਰੋਨਾ ਯੋਧਿਆਂ ਦੇ ਬੈਜ ਲਗਾਏ। ਇਸ ਦੌਰਾਨ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਵੱਲੋਂ ਵੀ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਅਤੇ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਨੂੰ ਕੋਰੋਨਾ ਯੋਧੇ ਦਾ ਬੈਜ ਲਗਾਇਆ ਗਿਆ। ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਜ਼ਿਲਾ ਵਾਸੀਆਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਦਾ ਸੰਕਲਪ ਲਿਆ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਉਤਸ਼ਾਹ ਨਾਲ ਭਰੀਆਂ ਆਂਗਣਵਾੜੀ ਵਰਕਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਕੋਰੋਨਾ ਖਿਲਾਫ਼ ‘ਮਿਸ਼ਨ ਫ਼ਤਿਹ’ ਕਰਨ ਵਿਚ ਆਂਗਨਵਾੜੀ ਵਰਕਰਾਂ ਅਹਿਮ ਭੂਮਿਕਾ ਨਿਭਾਉਣਗੀਆਂ। ਉਨਾਂ ਦੱਸਿਆ ਕਿ ਜ਼ਿਲੇ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਆਪੋ-ਆਪਣੇ ਪਿੰਡ ਦੇ ਆਂਗਣਵਾੜੀ ਸੈਂਟਰਾਂ ਵਿਚ ਆਉਣ ਵਾਲੇ ਬੱਚਿਆਂ ਦੇ ਘਰਾਂ ਦਾ ਦੌਰਾ ਕਰਕੇ ਉਨਾਂ ਦੇ ਪਰਿਕਾਰਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਬਾਰੇ ਪ੍ਰੇਰਿਤ ਕਰਨਗੀਆਂ। ਉਨਾਂ ਕਿਹਾ ਕਿ ਕੋਵਿਡ ਦੌਰਾਨ ਆਂਗਨਵਾੜੀ ਵਰਕਰਾਂ ਵੱਲੋਂ ਪੂਰੀ ਤਨਦੇਹੀ ਨਾਲ ਆਪਣੀ ਡਿੳੂਟੀ ਨਿਭਾਈ ਜਾ ਰਹੀ ਹੈ, ਜੋ ਕਿ ਬੇਹੱਦ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਲਈ ਹੀ ‘ਮਿਸ਼ਨ ਫ਼ਤਿਹ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਪਿੰਡਾਂ ਦੇ ਸਰਪੰਚਾਂ ਅਤੇ ਸਵੈ-ਸੇਵੀ ਸੰਸਥਾਵਾਂ ਵੱਲੋਂ ਵੀ ਜ਼ਮੀਨੀ ਪੱਧਰ ’ਤੇ ਸਾਵਧਾਨੀਆਂ ਵਰਤਣ ਦਾ ਸੁਨੇਹਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਵਿਸ਼ਾਲ ਜਾਗਰੂਕਤਾ ਮੁਹਿੰਮ ਤਹਿਤ ਜ਼ਿਲੇ ਵਿਚ ਜ਼ਮੀਨੀ ਗਤੀਵਿਧੀਆਂ 15 ਤੋਂ 21 ਜੂਨ ਤੱਕ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਬੀਤੇ ਕੱਲ ਜ਼ਿਲਾ ਪ੍ਰਸ਼ਾਸਨ ਵੱਲੋਂ ਸਫ਼ਾਈ ਕਰਮੀਆਂ ਨੂੰ ‘ਮਿਸ਼ਨ ਫ਼ਤਿਹ’ ਦਾ ਪ੍ਰਤੀਕ ਬੈਜ ਦੇਣ ਦੀ ਰਸਮ ਨਿਭਾਈ ਗਈ ਸੀ। ਇਸੇ ਤਰਾਂ 17 ਜੂਨ ਨੂੰ ਪਿੰਡਾਂ ਦੇ ਸਰਪੰਚਾਂ ਵੱਲੋਂ ਬੈਜ ਲਗਾ ਕੇ ਪਿੰਡ ਵਾਸੀਆਂ ਨੂੰ ਕੋਵਿਡ-19 ਦੀ ਰੋਕਥਾਮ ਲਈ ਜਾਗਰੂਕ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਸਾਰੇ ਕੋਰੋਨਾ ਯੋਧੇ ਬੈਜ ਅਤੇ ਮਾਸਕ ਸਮੇਤ ਆਪਣੀ ਸੈਲਫੀ ਖਿੱਚ ਕੇ ਕੋਵਾ ਐਪ ’ਤੇ ਅਪਲੋਡ ਕਰਨਗੇ।
ਉਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਾ ਐਪ ’ਤੇ ਕੋਵਿਡ-19 ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ/ਸੰਸਥਾ ਦੀ ਚੋਣ ਸੂਬਾਈ ਪੱਧਰ ’ਤੇ ਕੀਤੀ ਜਾਵੇਗੀ, ਜਿਸ ਦੀ ਸੂਚੀ ਜ਼ਿਲਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ, ਤਾਂ ਜੋ ਉਨਾ ਦੀ ਬੈਜ ਅਤੇ ਟੀ-ਸ਼ਰਟ ਰਾਹੀਂ ਹੌਸਲਾ ਅਫ਼ਜ਼ਾਈ ਕੀਤੀ ਜਾ ਸਕੇ। ਉਨਾਂ ਕਿਹਾ ਕਿ ਕੋਵਾ ਐਪ ਰਾਹੀਂ ਮਿਸ਼ਲ ਫ਼ਤਿਹ ਯੋਧਿਆਂ ਦੀ ਚੋਣ ਹੋਵੇਗੀ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਕਾਬਲੇ ਵਿਚ ਭਾਗ ਲੈਣ ਲਈ ਕੋਵਾ ਐਪ ਆਪਣੇ ਮੋਬਾਈਲ ਫੋਨ ਵਿਚ ਡਾੳੂਨਲੋਡ ਕਰਨ। ਉਨਾਂ ਦੱਸਿਆ ਕਿ ਇਸ ਸਬੰਧੀ ਕੋਵਾ ਐਪ ’ਤੇ ਰਜਿਸਟ੍ਰੇਸ਼ਨ 17 ਜੂਨ ਤੋਂ ਸ਼ੁਰੂ ਹੋਵੇਗੀ। ਉਨਾਂ ਜ਼ਿਲਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਤੋਂ ਬਚਾਅ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰਾਂ ਪਾਲਣਾ ਕਰਦੇ ਹੋਏ ਬਿਨਾਂ ਵਜਾ ਘਰੋਂ ਬਾਹਰ ਨਾ ਨਿਕਲਣ, ਆਪਸੀ ਦੂਰੀ ਬਣਾ ਕੇ ਰੱਖਣ, ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨ, ਮਾਸਕ ਦੀ ਵਰਤੋਂ ਕਰਨ ਅਤੇ ਵਾਰ-ਵਾਰ ਹੱਥ ਧੋਣ। ਇਸ ਮੌਕੇ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਸ੍ਰੀ ਪ੍ਰੀਤ ਕੋਹਲੀ, ਲੋਕ ਸੰਪਰਕ ਅਫ਼ਸਰ ਸ. ਹਰਦੇਵ ਸਿੰਘ ਆਸੀ, ਮੈਡਮ ਅੰਜੂ ਬਾਲਾ, ਸ. ਦਵਿੰਦਰ ਪਾਲ ਸਿੰਘ ਆਹੂਜਾ ਅਤੇ ਹੋਰ ਹਾਜ਼ਰ ਸਨ।