*‘ਆਜੀਵਿਕਾ’ ਮਿਸ਼ਨ ਤਹਿਤ ਸਵੈ-ਸਹਾਈ ਗਰੁੱਪਾਂ ਨੇ ਤਿਆਰ ਕੀਤੇ 15 ਹਜ਼ਾਰ ਮਾਸਕ

ਫਗਵਾੜਾ (ਡਾ ਰਮਨ)
ਵਿਸ਼ਵ ਵਿਆਪੀ ਕੋਰੋਨਾ ਖਿਲਾਫ਼ ਜੰਗ ਵਿਚ ਸੂਬੇ ਦੇ ਪਿੰਡਾਂ ਦੀਆਂ ਔਰਤਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਤਹਿਤ ਕਪੂਰਥਲਾ ਜ਼ਿਲੇ ਵਿਚ ‘ਆਜੀਵਿਕਾ’ ਮਿਸ਼ਨ ਤਹਿਤ ਸਵੈ-ਸਹਾਇਤਾ ਗਰੁੱਪਾਂ ਨਾਲ ਸਬੰਧਤ ਔਰਤਾਂ ਵੱਲੋਂ ਸੇਫਟੀ ਮਾਸਕ ਤਿਆਰ ਕੀਤੇ ਜਾ ਰਹੇ ਹਨ। ਇਹ ਮਾਸਕ ਕੋਰੋਨਾ ਖਿਲਾਫ਼ ਲੜਾਈ ਲੜਨ ਵਾਲੇ ਯੋਧੇ, ਜਿਨਾਂ ਵਿਚ ਮੈਡੀਕਲ ਸਟਾਫ, ਵਲੰਟੀਅਰ ਅਤੇ ਸਫ਼ਾਈ ਕਰਮੀ ਸ਼ਾਮਿਲ ਹਨ, ਨੂੰ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਵਿਚ ਕੰਮ ਕਰਨ ਵਾਲੇ ਮਨਰੇਗਾ ਵਰਕਰਾਂ ਨੂੰ ਵੀ ਕੋਰੋਨਾ ਤੋਂ ਬਚਾਅ ਲਈ ਸੈਨੀਟਾਈਜ਼ਰਾਂ ਦੇ ਨਾਲ-ਨਾਲ ਇਹ ਮਾਸਕ ਦਿੱਤੇ ਜਾ ਰਹੇ ਹਨ। ਜ਼ਿਲੇ ਵਿਚ ਹੁਣ ਤੱਕ ਵੱਖ-ਵੱਖ ਸਵੈ-ਸਹਾਇਤਾ ਗਰੁੱਪਾਂ ਵੱਲੋਂ 15 ਹਜ਼ਾਰ ਤੋਂ ਵੱਧ ਮਾਸਕ ਤਿਆਰ ਕੀਤੇ ਗਏ ਹਨ ਅਤੇ ਭਵਿੱਖ ਵਿਚ ਵੀ ਹੋਰ ਮਾਸਕ ਤਿਆਰ ਕਰਨ ਦੇ ਆਰਡਰ ਮੌਜੂਦ ਹਨ। ਅਜਿਹਾ ਕਰਕੇ ਜਿਥੇ ਪਿੰਡਾਂ ਦੀਆਂ ਇਹ ਔਰਤਾਂ ਕੋਰੋਨਾ ਖਿਲਾਫ਼ ਜੰਗ ਵਿਚ ਸਰਗਰਮ ਹਿੱਸਾ ਪਾ ਰਹੀਆਂ ਹਨ, ਉਥੇ ਹੀ ਮਾਸਕ ਤਿਆਰ ਕਰਕੇ ਆਪਣਾ ਰੁਜ਼ਗਾਰ ਖ਼ੁਦ ਪੈਦਾ ਕਰ ਰਹੀਆਂ ਹਨ। ਜ਼ਿਲੇ ਦੇ ਪਿੰਡ ਬਲੇਰ ਖਨਪੁਰ, ਹੁਸੈਨਪੁਰ ਬੂਲੇ ਅਤੇ ਆਹਲੀ ਖੁਰਦ ਵਿਚ ਚੱਲ ਰਹੇ ਇਨਾਂ ਸੈਟਰਾਂ ਦਾ ਅੱਜ ਪੇਂਡੂ ਵਿਕਾਸ ਤੇ ਪੰਚਾਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਵੱਲੋਂ ਦੌਰਾ ਕੀਂਤਾ ਗਿਆ। ਇਸ ਦੌਰਾਨ ਉਨਾਂ ਗਰੁੱਪਾਂ ਦੀਆਂ ਬੀਬੀਆਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਉਨਾਂ ਨੂੰ ਹੋਰ ਲਗਨ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ, ਬੀ. ਪੀ. ਐਮ ਸ. ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ