ਕਿਹਾ : ਝੂਠ ਬੋਲ ਕੇ ਅਹੁਦੇ ਦੀ ਗਰਿਮਾ ਘਟਾ ਰਹੇ ਮੁੱਖ ਮੰਤਰੀ
ਫਗਵਾੜਾ ( ਡਾ ਰਮਨ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਰੋਨਾ ਆਫਤ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵਲੋਂ ਇੱਕ ਪੈਸੇ ਵੀ ਮਦਦ ਨਾ ਕਰਨ ਸਬੰਧੀ ਲਗਾਏ ਦੋਸ਼ ਦੇ ਜਵਾਬ ਵਿੱਚ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਤਬਾਹੀ ਨੂੰ ਸਿਆਸੀ ਮਤਭੇਦਾਂ ਤੋਂ ਵੱਖ ਰੱਖਦਿਆਂ ਹਰ ਸੂਬੇ ਨੂੰ ਸੰਭਵ ਸਹਾਇਤਾ ਦੇਣ ਦਾ ਉਪਰਾਲਾ ਕਰ ਰਹੇ ਹਨ ਉਥੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਲੋਕਲ ਪੱਧਰ ਦੇ ਕਾਂਗਰਸੀ ਆਗੂ ਝੂਠੀ ਬਿਆਨਬਾਜੀ ਨਾਲ ਸਿਆਸੀ ਲਾਭ ਲੱਭ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਕੋਵਿਡ -19 ਤੋਂ ਬਚਾਅ ਲਈ ਪੰਜਾਬ ‘ਤੇ 1621.87 ਕਰੋੜ ਰੁਪਏ ਦਾ ਪੈਕੇਜ ਜਾਰੀ ਕੀਤਾ ਹੈ, ਜਿਸ ਦੇ ਤਹਿਤ ਤੁਰੰਤ ਪ੍ਰਭਾਵ ਨਾਲ 33 ਹਜ਼ਾਰ 615 ਐਨ-95 ਮਾਸਕ, 4500 ਪੀ.ਪੀ.ਈ. ਕਿਟਸ ਅਤੇ 10.70 ਲੱਖ ਹਾਈਡ੍ਰੋਕਲੋਰੋਕਿਨ ਗੋਲੀਆਂ ਪੰਜਾਬ ਭੇਜੀਆਂ ਗਈਆਂ। ਐਸ ਡੀ ਆਰ ਐੱਫ ਫੰਡ ਵਿਚੋਂ ਪਹਿਲੀ ਕਿਸ਼ਤ ਵਜੋਂ 247.50 ਕਰੋੜ ਰੁਪਏ ਪੰਜਾਬ ਨੂੰ ਜਾਰੀ ਕੀਤੇ ਗਏ। ਨੈਸ਼ਨਲ ਹੈਲਥ ਮਿਸ਼ਨ ਤਹਿਤ 112.69 ਕਰੋੜ ਰੁਪਏ ਕੇਂਦਰ ਨੇ ਪੰਜਾਬ ਨੂੰ ਅਦਾ ਕੀਤੇ ਹਨ, ਜਿਸ ਵਿੱਚ 25 ਮਾਰਚ ਨੂੰ 40.82 ਕਰੋੜ ਰੁਪਏ ਅਤੇ 6 ਅਪ੍ਰੈਲ ਨੂੰ ਜਾਰੀ ਹੋਏ 71.87 ਕਰੋੜ ਰੁਪਏ ਸ਼ਾਮਲ ਹਨ। ਪੰਜਾਬ ਦੇ ਉਜਵਲਾ ਯੋਜਨਾ ਲਾਭਪਾਤਰੀਆਂ ਨੂੰ 3.21 ਲੱਖ ਗੈਸ ਸਿਲੰਡਰ ਮੁਫਤ ਰੀਫਿਲ ਕੀਤੇ ਗਏ ਹਨ। ਪੀ.ਐਮ. ਕਿਸਾਨ ਯੋਜਨਾ ਦੇ ਤਹਿਤ ਰਾਜ ਦੇ 18 ਲੱਖ 22 ਹਜ਼ਾਰ 656 ਕਿਸਾਨਾਂ ਦੇ ਖਾਤੇ ਵਿਚ ਦੋ ਹਜ਼ਾਰ ਰੁਪਏ ਪ੍ਰਤੀ ਖਾਤੇ ਦੀ ਦਰ ਨਾਲ 364.53 ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਪੀ.ਐਮ. ਜਨ ਧਨ ਯੋਜਨਾ ਤਹਿਤ 33 ਲੱਖ ਤੋਂ ਵੱਧ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ 165.28 ਕਰੋੜ ਰੁਪਏ, ਜਦਕਿ 7.02 ਰੁਪਏ ਬਜ਼ੁਰਗ, ਵਿਧਵਾ ਅਤੇ ਅਪੰਗ ਵਿਅਕਤੀਆਂ ਦੇ ਲਾਭਪਾਤਰੀਆਂ ਨੂੰ ਪੰਜ-ਪੰਜ ਸੌ ਰੁਪਏ ਦੀ ਵਿੱਤੀ ਸਹਾਇਤਾ ਅਨੁਸਾਰ ਦਿੱਤੇ ਗਏ ਹਨ। ਇਮਾਰਤ ਅਤੇ ਨਿਰਮਾਣ ਲਾਭਪਾਤਰੀਆਂ ਨੂੰ 190.80 ਕਰੋੜ ਦਾ ਫੰਡ ਜਾਰੀ ਕੀਤਾ ਗਿਆ ਹੈ। ਈਪੀਐਫਓ ਕੋਰੋਨਾ ਆਫਤ ਦੇ ਚਲਦੇ ਕੇਂਦਰ ਸਰਕਾਰ ਦੇ 4440 ਲਾਭਪਾਤਰੀਆਂ ਨੂੰ 9.23 ਕਰੋੜ ਰੁਪਏ ਅਦਾ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਐਲਾਨ ਅਨੁਸਾਰ ਉਜਵਲਾ, ਜਨ ਧਨ ਅਤੇ ਪੈਨਸ਼ਨ ਸਕੀਮਾਂ ਦਾ ਲਾਭ ਸਾਰੇ ਲਾਭਪਾਤਰੀਆਂ ਨੂੰ ਤਿੰਨ ਕਿਸ਼ਤਾਂ ਵਿਚ ਦਿੱਤਾ ਜਾਣਾ ਹੈ। ਜਿਸ ਵਿਚ ਅਪ੍ਰੈਲ, ਮਈ ਅਤੇ ਜੂਨ ਮਹੀਨੇ ਸ਼ਾਮਲ ਹਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੋਰੋਨਾ ਯੋਧਿਆਂ ਦੇ ਸਨਮਾਨ ਵਿੱਚ ਜੈਕਾਰੇ ਅਤੇ ਜੈਘੋਸ਼ ਸਬੰਧੀ ਕੀਤਾ ਗਿਆ ਐਲਾਨ ਵੀ ਘਟੀਆ ਰਾਜਨੀਤੀ ਨਾਲ ਪ੍ਰੇਰਿਤ ਸੀ ਜਿਸ ਨੂੰ ਜਨਤਾ ਨੇ ਸਵੀਕਾਰ ਨਹੀਂ ਕੀਤਾ। ਰਾਜੇਸ਼ ਬਾਘਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਰਜੋਰ ਅਪੀਲ ਕੀਤੀ ਕਿ ਕੇਂਦਰ ਵਲੋਂ ਭੇਜਿਆ ਰਾਸ਼ਨ ਬਿਨਾ ਕਿਸੇ ਪੱਖਪਾਤ ਤੋਂ ਹਰ ਲੋੜਵੰਦ ਪਰਿਵਾਰ ਤਕ ਪਹੁੰਚਾਇਆ ਜਾਵੇ ਤਾਂ ਜੋ ਕੋਰੋਨਾ ਆਫਤ ਵਿਚ ਕੋਈ ਵੀ ਲੋੜਵੰਦ ਪਰਿਵਾਰ ਭੁੱਖਾ ਨਾ ਰਹੇ।