* ਕਿਹਾ- ਫਸਲ ਪ੍ਰਤੀ ਚਿੰਤਿਤ ਕਿਸਾਨਾਂ ਲਈ ਰਾਹਤ ਦੀ ਖਬਰ
ਫਗਵਾੜਾ (ਡਾ ਰਮਨ) ਕੋਰੋਨਾ ਵਾਇਰਸ ਕਾਰਣ ਪੰਜਾਬ ਵਿਚ ਲਾਗੂ ਲਾਕਡਾਉਨ ਕਰਫਿਊ ਨਾਲ ਬਣੇ ਹਾਲਾਤ ਨੂੰ ਦੇਖਦੇ ਹੋਏ ਕਣਕ ਦੀ ਖਰੀਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 3800 ਖਰੀਦ ਕੇਂਦਰ ਸਥਾਪਤ ਕਰਨ ਦੇ ਐਲਾਨ ਦੀ ਪੰਜਾਬ ਐਗਰੋ ਇੰਡਸਟ੍ਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਸ਼ਲਾਘਾ ਕੀਤੀ ਹੈ। ਅੱਜ ਇੱਥੇ ਗੱਲਬਾਤ ਦੌਰਾਨ ਸ੍ਰ. ਮਾਨ ਨੇ ਕਿਹਾ ਕਿ ਖੇਤਾਂ ਵਿਚ ਕਣਕ ਦੀ ਫਸਲ ਪੱਕ ਕੇ ਕਟਾਈ ਲਈ ਪੂਰੀ ਤਰ੍ਹਾਂ ਤਿਆਰ ਖੜੀ ਹੈ ਅਤੇ ਕਿਸਾਨ ਆਪਣੀ ਫਸਲ ਨੂੰ ਲੈ ਕੇ ਬੇਹਦ ਚਿੰਤਿਤ ਹੈ। ਇਹ ਚਿੰਤਾ ਬਿਲਕੁਲ ਜਾਇਜ ਵੀ ਹੈ ਕਿਉਂਕਿ ਸਰਕਾਰੀ ਖਰੀਦ ਏਜੰਸੀਆਂ ਵਲੋਂ ਖਰੀਦ ਵਿਚ ਦੇਰ ਜਾਂ ਮੌਸਮ ਦੀ ਖਰਾਬੀ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਪਰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 1800 ਮੰਡੀਆਂ ਤੋਂ ਇਲਾਵਾ ਦੋ ਹਜਾਰ ਨਵੇਂ ਖਰੀਦ ਕੇਂਦਰ ਸਥਾਪਤ ਕਰਨ ਦੇ ਐਲਾਨ ਨਾਲ ਯਕੀਨੀ ਤੌਰ ਤੇ ਕਿਸਾਨਾ ਨੂੰ ਤਸੱਲੀ ਮਿਲੀ ਹੈ। ਉਹਨਾਂ ਕਿਹਾ ਕਿ ਲੋਕਡਾਉਨ ਕਰਫਿਊ ਦੀ ਮਿਆਦ ਨੂੰ 1 ਮਈ ਤੱਕ ਵਧਾਉਣਾ ਅੱਜ ਸਮੇਂ ਦੀ ਮੰਗ ਸੀ ਕਿਉਂਕਿ ਇਨਸਾਨੀ ਜਿੰਦਗੀ ਤੋਂ ਕੀਮਤੀ ਕੋਈ ਚੀਜ਼ ਨਹੀਂ ਹੋ ਸਕਦੀ ਅਤੇ ਇਸ ਨੂੰ ਬਚਾਉਣਾ ਮੁੱਖਮੰਤਰੀ ਦਾ ਮੁਢਲਾ ਫਰਜ਼ ਹੈ। ਇਹ ਫੈਸਲਾ ਸਖ਼ਤ ਜਰੂਰ ਹੈ ਲੇਕਿਨ ਲੋਕ ਹਿਤ ਵਿਚ ਲਿਆ ਗਿਆ ਬਿਲਕੁਲ ਸਹੀ ਫੈਸਲਾ ਹੈ। ਉਹਨਾਂ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ 11 ਅਪ੍ਰੈਲ ਤੋਂ 10 ਮਈ ਤੱਕ ਕਰਨ ਅਤੇ ਪੰਜਵੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿਚ ਪ੍ਰਮੋਟ ਕਰਨ ਦੇ ਪੰਜਾਬ ਸਰਕਾਰ ਵਲੋਂ ਲਏ ਫੈਸਲਿਆਂ ਦਾ ਵੀ ਸਵਾਗਤ ਕੀਤਾ ਹੈ।