ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ 3 ਤੋਂ 5 ਫਰਵਰੀ ਤੱਕ ਕੌਮੀ ਰਾਜਧਾਨੀ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿੱਚ ਲੜੀਵਾਰ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ ਅਤੇ ਰੋਡ ਸ਼ੋਅਜ਼ ਵਿੱਚ ਹਿੱਸਾ ਲੈਣਗੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ 3 ਫਰਵਰੀ ਨੂੰ ਸ਼ਾਮ 4:45 ਵਜੇ ਹਰੀ ਨਗਰ (ਵਿਧਾਨ ਸਭਾ ਹਲਕਾ-28) ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਸੇਤੀਆ ਦੇ ਹੱਕ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ ਅਤੇ ਇਸ ਤੋਂ ਬਾਅਦ ਸ਼ਾਮ 9 ਵਜੇ ਕਾਲਕਾ ਜੀ (ਵਿਧਾਨ ਸਭਾ ਹਲਕਾ-51) ਤੋਂ ਪਾਰਟੀ ਉਮੀਦਵਾਰ ਸ਼ਿਵਾਨੀ ਚੋਪੜਾ ਲਈ ਕੈਨਵਸ ਤੱਕ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ।

ਮੁੱਖ ਮੰਤਰੀ 4 ਫਰਵਰੀ ਨੂੰ ਪਾਰਟੀ ਉਮੀਦਵਾਰ ਅਭਿਸ਼ੇਕ ਦੱਤ ਦੇ ਸਮਰਥਨ ਵਿੱਚ ਸ਼ਾਮ 5 ਵਜੇ ਕਸਤੁਰਬਾ ਨਗਰ (ਵਿਧਾਨ ਸਭਾ ਹਲਕਾ-42) ਵਿਖੇ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ ਅਤੇ ਇਸ ਤੋਂ ਬਾਅਦ ਜੰਗਪੁਰਾ (ਵਿਧਾਨ ਸਭਾ ਹਲਕਾ-41) ਦੇ ਬਾਟਾ ਚੌਂਕ ਭੋਗਲ ਵਿਖੇ ਸ਼ਾਮ 8 ਵਜੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ 5 ਫਰਵਰੀ ਦੇ ਚੋਣ ਪ੍ਰਚਾਰ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣਾ ਅਜੇ ਬਾਕੀ ਹੈ।