ਵੈਨਕੂਵਰ ਦੇ ਟਰਾਂਸਲਿੰਕ ਕਾਮਿਆਂ ਦੀ ਯੂਨੀਅਨ “ਯੂਨੀਫੋਰ” ਅਤੇ ਕੋਸਟ ਮਾਉਂਟੇਨ ਬੱਸ ਕੰਪਨੀ ਵਿਚਕਾਰ ਅੱਜ ਗੱਲਬਾਤ ਸਿਰੇ ਨਾ ਚੜ੍ਹਨ ਕਾਰਨ ਸ਼ੁੱਕਰਵਾਰ ਤੋਂ ਬੱਸ ਡਰਾਈਵਰ ਓਵਰਟਾਈਮ ਨਹੀਂ ਲਾਉਣਗੇ। ਯੂਨੀਅਨ ਨੇ ਕਿਹਾ ਹੈ ਕਿ ਡਰਾਈਵਰਾਂ ਦੇ ਓਵਰਟਾਈਮ ਨਾ ਕਰਨ ਦੀ ਪਾਬੰਦੀ ਸ਼ੁੱਕਰਵਾਰ ਤੋਂ ਸ਼ੁਰੂ ਹੋਵਗੀ ਅਤੇ ਅਗਲੇ ਹਫ਼ਤੇ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਜਾਰੀ ਰਹੇਗੀ। ਇਸ ਕਾਰਵਾਈ ਨਾਲ ਸਮੁੱਚੀ ਬੱਸ ਸੇਵਾ ਵਿੱਚ 10 ਪ੍ਰਤੀਸ਼ਤ ਤੱਕ ਕਮੀ ਆਉਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

ਇਸੇ ਦੌਰਾਨ ਕੋਸਟ ਮਾਉਂਟੇਨ ਬੱਸ ਕੰਪਨੀ ਨੇ ਟਰਾਂਸਲਿੰਕ ਯਾਤਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬੱਸ ਸੇਵਾ ਵਿੱਚ ਅਚਾਨਕ ਆਉਣ ਵਾਲੀਆਂ ਰੁਕਾਵਟਾਂ ਲਈ ਤਿਆਰ ਰਹਿਣ। ਟਰਾਂਸਲਿੰਕ ਦੇ ਬੁਲਾਰੇ ਜਿਲ ਡ੍ਰਿਊਜ਼ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਯੂਨੀਫੋਰ ਦੇ ਇਸ ਐਕਸ਼ਨ ਨਾਲ ਮੁਸਾਫਰਾਂ ‘ਤੇ ਪੈਣ ਵਾਲੇ ਸਮੁੱਚੇ ਪ੍ਰਭਾਵ ਦਾ ਅਨੁਮਾਨ ਲਾਉਣਾ ਤਾਂ ਮੁਸ਼ਕਲ ਹੈ ਪਰ ਕੁਝ ਰੂਟਾਂ ਤੇ ਬੱਸ ਸੇਵਾ ਵਿੱਚ ਕਮੀ ਆਵੇਗੀ ਅਤੇ ਸੰਭਾਵਤ ਤੌਰ‘ ਤੇ ਬੱਸਾਂ ਵਿਚ ਭੀੜ ਵੀ ਵਧੇਗੀ। ਉਨ੍ਹਾਂ ਕਿਹਾ ਹੈ ਕਿ ਮੁਸਾਫਰਾਂ ਨੂੰ ਆਪਣੀ ਯਾਤਰਾ ਲਈ ਟਰਾਂਸਲਿੰਕ ਦੇ ਆਮ ਗਾਹਕ ਸੇਵਾ ਚੈਨਲਾਂ ਅਤੇ ਸਰੋਤਾਂ ਰਾਹੀਂ ਆਪਣੇ ਆਪ ਨੂੰ ਅਪਡੇਟ ਕਰਨ ਲਈ ਵਧੇਰੇ ਸਮਾਂ ਦੇਣਾ ਚਾਹੀਦਾ ਹੈ।

ਵਰਨਣਯੋਗ ਹੈ ਕਿ ਯੂਨੀਫੋਰ ਦੇ ਮੈਂਬਰਾਂ ਨੇ 1 ਨਵੰਬਰ ਨੂੰ ਸੀਮਤ ਜੌਬ ਐਕਸ਼ਨ ਦੀ ਸ਼ੁਰੂਆਤ ਕੀਤੀ ਸੀ ਜਿਸ ਤਹਿਤ ਡਰਾਈਵਰਾਂ ਨੇ ਵਰਦੀ ਨਾ ਪਹਿਨ ਕੇ ਰੋਸ ਪ੍ਰਗਟ ਕੀਤਾ ਅਤੇ ਮੇਨਟੇਨਸ ਅਤੇ ਸੀ-ਬੱਸ ਵਰਕਰਾਂ ਨੇ ਓਵਰਟਾਈਮ ਨਹੀਂ ਲਾਇਆ। ਇਸ ਐਕਸ਼ਨ ਦੇ ਨਤੀਜੇ ਵਜੋਂ ਦਰਜਨਾਂ ਬੱਸਾਂ ਦੀ ਸੇਵਾ ਟਾਈਮੋਂ ਬੇ ਟਾਈਮ ਹੋਈ ਅਤੇ 120 ਸੀ-ਬੱਸਾਂ ਦੇ ਟਾਈਮ ਰੱਦ ਕੀਤੇ ਜਾ ਚੁੱਕੇ ਹਨ।

ਅੱਜ ਬਿਨਾਂ ਕਿਸੇ ਸਮਝੌਤੇ ਦੇ ਗੱਲਬਾਤ ਦਾ ਆਖਰੀ ਦੌਰ ਖ਼ਤਮ ਹੋਣ ਤੋਂ ਬਾਅਦ ਯੂਨੀਫੋਰ ਦੇ ਮੁੱਖ ਬੁਲਾਰੇ ਗੈਵਿਨ ਮੈਕਗ੍ਰੀਗਲ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਕੰਮ ਕਰਨ ਦੀ ਸਥਿਤੀ ਵੱਲ ਤਾਂ ਕੁਝ ਕਦਮ ਅੱਗੇ ਵਧਾਏ ਹਨ ਪਰ ਅਜੇ ਤਨਖਾਹਾਂ ਅਤੇ ਹੋਰ ਲਾਭਾਂ ਬਾਰੇ ਗੱਲਬਾਤ ਅੱਗੇ ਨਹੀਂ ਵਧੀ।