ਬਿਊਰੋ ਰਿਪੋਰਟ –

ਰੈੱਡ ਐਫ ਐਮ ਰੇਡੀਓ ਵੱਲੋਂ ਕੱਲ੍ਹ ਸ਼ਾਮ ਸਰੀ ਦੇ ਆਰੀਆ ਬੈਂਕੁਇਟ ਹਾਲ ਵਿਚ ਸਰੀ ਸੈਂਟਰ ਅਤੇ ਸਰੀ ਨਿਊਟਨ ਹਲਕਿਆਂ ਤੋਂ ਫੈਡਰਲ ਚੋਣ ਲੜ ਰਹੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਡੀਬੇਟ ਕਰਵਾਈ ਗਈ ਜਿਸ ਸਰੀ ਵਾਸੀਆਂ ਨੇ ਬੇਹੱਦ ਦਿਲਚਸਪ ਦਿਖਾਈ। ਇਸ ਡੀਬੇਟ ਵਿਚ ਸਰੀ ਸੈਂਟਰਲ ਤੋਂ ਕਨਸਰਵੇਟਿਵ ਪਾਰਟੀ ਦੇ ਉਮੀਦਵਾਰ ਟੀਨਾ ਬੈਂਸ, ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ, ਐਨ.ਡੀ.ਪੀ. ਉਮੀਦਵਾਰ ਸਰਜੀਤ ਸਿੰਘ ਸਰਾਂ, ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਜਸਵਿੰਦਰ ਸਿੰਘ ਦਿਲਾਵਰੀ ਅਤੇ ਗਰੀਨ ਪਾਰਟੀ ਦੇ ਜੌਹਨ ਵੈਰਿੰਗ ਸ਼ਾਮਲ ਹੋਏ ਅਤੇ ਸਰੀ ਨਿਊਟਨ ਹਲਕੇ ਤੋਂ ਕਨਸਰਵੇਟਿਵ ਉਮੀਦਵਾਰ ਹਰਪ੍ਰੀਤ ਸਿੰਘ, ਲਿਬਰਲ ਉਮੀਦਵਾਰ ਸੁਖ ਧਾਲੀਵਾਲ, ਐਨ.ਡੀ.ਪੀ. ਦੇ ਹਰਜੀਤ ਸਿੰਘ ਗਿੱਲ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਹੋਲੀ ਵਰਚਰ ਨੇ ਭਾਗ ਲਿਆ।

ਸਟੇਜ ਸੰਚਾਲਨ ਕਰਦਿਆਂ ਪੂਜਾ ਸੇਖੋਂ ਨੇ ਸ਼ੋਅ ਹੋਸਟ ਹਰਜਿੰਦਰ ਥਿੰਦ ਨੂੰ ਡੀਬੇਟ ਚਲਾਉਣ ਲਈ ਸਟੇਜ ਦੀ ਜ਼ਿੰਮੇਵਾਰੀ ਸੌਂਪੀ। ਹਰਜਿੰਦਰ ਥਿੰਦ ਨੇ ਡੀਬੇਟ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਵਾਰੀ ਵਾਰੀ ਸਾਰੇ ਉਮੀਦਵਾਰਾਂ ਨੂੰ ਇਮੀਗਰੇਸ਼ਨ, ਗੈਂਗ ਹਿੰਸਾ, ਵਾਤਾਵਰਣ, ਆਰਥਿਕਤਾ, ਟਰਾਂਸਪੋਰਟ, ਮਾਰਟਗੇਜ਼ ਦੇ ਸਟਰੈੱਸ ਟੈਕਸ ਆਦਿ ਲੋਕ ਮਸਲਿਆਂ ਨਾਲ ਸਬੰਧਤ ਸਵਾਲ ਪੁੱਛੇ ਅਤੇ ਉਮੀਦਵਾਰਾਂ ਨੇ ਜਵਾਬ ਦਿੱਤੇ। ਫਿਰ ਉਮੀਦਵਾਰਾਂ ਨੇ ਆਪਸ ਵਿਚ ਇਕ ਦੂਜੇ ਨੂੰ ਸਵਾਲ ਕੀਤੇ ਜਿਸ ਦੌਰਾਨ ਕੁਝ ਉਮੀਦਵਾਰਾਂ ਦਰਮਿਆਨ ਆਪਸੀ ਨੋਕ ਝੋਕ ਵੀ ਦੇਖਣ ਨੂੰ ਮਿਲੀ। ਫਿਰ ਹਾਜਰ ਦਰਸ਼ਕਾਂ ਨੇ ਵੀ ਉਮੀਦਵਾਰਾਂ ਨੂੰ ਸਵਾਲ ਕੀਤੇ। ਰੈੱਡ.ਐਫ.ਐਮ. ਰੇਡੀਓ ਅਤੇ ਸਾਂਝਾ ਟੀ.ਵੀ. ਵੱਲੋਂ ਇਹ ਡੀਬੇਟ ਫੇਸਬੁੱਕ ਤੇ ਲਾਈਵ ਵੀ ਦਿਖਾਈ ਗਈ।