ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਬਾਦਲ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟ ਕੀਤਾ ਹੈ।
ਸੁੱਖ ਧਾਲੀਵਾਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਹ ਖਬਰ ਸੁਣ ਕੇ ਬਹੁਤ ਦੁੱਖ ਲੱਗਾ। ਇਹ ਸੌਖਾ ਨਹੀਂ ਹੈ ਕਿ ਥੋੜ੍ਹੇ ਜਿਹੇ ਸਮੇਂ ਵਿਚ ਤੁਸੀਂ ਦੋਵੇਂ ਮਾਪੇ ਗੁਆ ਲਵੋ। ਇਸ ਔਖੀ ਘੜੀ ਵਿਚ ਸਾਡੀ ਸੋਚ ਤੇ ਅਰਦਾਸਾਂ ਤੁਹਾਡੇ ਅਤੇ ਬਾਦਲ ਪਰਿਵਾਰ ਦੇ ਨਾਲ ਹਨ। ਗੁਰਦਾਸ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਲਈ ਆਪਣਾ ਸਾਰਾ ਜੀਵਨ ਵਾਰ ਦਿੱਤਾ ਤੇ ਅਜਿਹਾ ਪੁੱਤਰ ਵੀ ਦਿੱਤਾ ਜੋ ਲੋਕਾਂ ਦੇ ਜੀਵਨ ਨੂੰ ਬੇਹਤਰ ਬਣਾਉਣ ਲਈ ਪੂਰੀ ਦ੍ਰਿੜ੍ਹਤਾ ਤੇ ਸਮਰਪਣ ਨਾਲ ਕੰਮ ਕਰ ਰਿਹਾ ਹੈ।
ਡਾ. ਚੀਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਗੁਰਦਾਸ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਮੈਨੂੰ ਬਹੁਤ ਦੁੱਖ ਹੈ। ਇਹ ਮੇਰੇ ਮੈਂਟਰ ਤੇ ਆਗੂ ਪ੍ਰਕਾਸ਼ ਸਿੰਘ ਬਾਦਲ ਲਈ ਬਹੁਤ ਵੱਡਾ ਨਿੱਜੀ ਘਾਟਾ ਹੈ ਜਿਸਨੇ ਆਪਣਾ ਛੋਟਾ ਭਰਾ ਗੁਆ ਲਿਆ ਹੈ। ਉਹਨਾਂ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ ਤੇ ਸਮੁੱਚੇ ਬਾਦਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।