ਸਰੀ ਦੀ 128 ਸਟਰੀਟ 7000 ਬਲਾਕ ‘ਤੇ 11 ਨਵੰਬਰ ਨੂੰ ਕੁਝ ਨੌਜਵਾਨਾਂ ਵੱਲੋਂ ਕੀਤੀ ਗੁੰਡਾਗਰਦੀ ਦੀ ਵੀਡੀਓ ਅੱਜ ਵਾਇਰਲ ਹੋਣ ਤੇ ਸਰੀ ਸਿਟੀ ਦੇ ਮੇਅਰ ਡੱਗ ਮੈਕੱਲਮ ਨੇ ਗੰਭੀਰ ਨੋਟਿਸ ਲੈਂਦਿਆਂ ਪੁਲਿਸ ਨੂੰ ਇਸ ਸਬੰਧੀ ਤੁਰੰਤ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਵੀਡੀਓ ਵਿਚ ਕੁਝ ਨੌਜਵਾਨ ਚੀਕਾਂ ਮਾਰਦੇ ਅਤੇ ਪੰਜਾਬੀ ਵਿਚ ਗਾਲਾਂ ਕੱਢਦੇ ਹੋਏ ਸੜਕ ਪਾਰ ਕਰਕੇ ਇਕ ਪਲਾਜ਼ੇ ਵਿਚ ਜਾ ਕੇ ਡਾਂਗਾ ਨਾਲ ਕੁਝ ਕਾਰਾਂ ਦਾ ਪਿੱਛਾ ਕਰਦੇ ਹਨ ਅਤੇ ਫਿਰ ਕਾਰਾਂ ਤੇ ਡਾਂਗਾਂ ਵਰ੍ਹਾਉਂਦੇ ਨਜ਼ਰ ਆ ਰਹੇ ਅਤੇ ਇਕ ਨੌਜਵਾਨ ਪੰਜਾਬੀ ਨੌਜਵਾਨ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ।

ਸਰੀ ਦੇ ਮੇਅਰ ਦਾ ਕਹਿਣਾ ਹੈ ਕਿ ਉਹ ਆਨਲਾਈਨ ਘੁੰਮ ਰਹੀ ਇਸ ਵੀਡੀਓ ਬਾਰੇ ਬੇਹੱਦ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਕ ਅਜਿਹੀ ਹੀ ਘਟਨਾ ਅਗਸਤ ਮਹੀਨੇ ਵਿਚ ਸਟ੍ਰਾਬੇਰੀ ਹਿੱਲ ਖੇਤਰ ਵਿਚ ਵੀ ਵਾਪਰੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਵਿਵਹਾਰ ਘ੍ਰਿਣਾਯੋਗ ਅਤੇ ਅਸਹਿ ਹੈ ਜੋ ਲੋਕਾਂ ਲਈ ਜ਼ੋਖ਼ਮ ਬਣਦਾ ਹੈ। ਹੁਣ ਲਾਜ਼ਮੀ ਹੋ ਗਿਆ ਹੈ ਕਿ ਸਰੀ ਵਿੱਚ ਇਸ ਤਰ੍ਹਾਂ ਦੀ ਹਿੰਸਾ ਨੂੰ ਦੂਰ ਕਰਨ ਲਈ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਆਰਸੀਐਮਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਦੁਪਹਿਰ 2:30 ਵਜੇ ਤੋਂ ਪਹਿਲਾਂ ਵਾਪਰੀ ਤਾਜ਼ਾ ਘਟਨਾ ਬਾਰੇ ਦੋ ਰਿਪੋਰਟਾਂ ਮਿਲੀਆਂ ਹਨ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਵੀਡੀਓ ਦੀ ਇਕ ਕਾਪੀ ਪ੍ਰਾਪਤ ਕੀਤੀ ਹੈ। ਆਰਸੀਐਮਪੀ ਦੇ ਸੀਪੀਐਲ ਐਲਨੋਰ ਸਟੂਰਕੋ ਨੇ ਕਿਹਾ ਕਿ ਹਾਲਾਂਕਿ ਇਹ ਘਟਨਾ ਅਤੇ ਵੀਡੀਓ ਪ੍ਰੇਸ਼ਾਨ ਕਰਨ ਵਾਲੀ ਹੈ ਪਰ ਇਸ ਦੇ ਵਾਇਰਲ ਹੋਣ ਨਾਲ ਪੁਲਿਸ ਨੂੰ ਪੜਤਾਲ ਕਰਨ ਵਿਚ ਮਦਦ ਮਿਲ ਸਕਦੀ ਹੈ ਅਤੇ ਸ਼ਾਮਲ ਲੋਕਾਂ ਦੀ ਪਛਾਣ ਕਰ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਘਟਨਾ ਦੀ ਜਾਣਕਾਰੀ ਪੁਲਿਸ ਤੱਕ ਪੁਚਾਉਣ ਲਈ ਅੱਗੇ ਆਉਣ।