ਸਰੀ ਵਿਚ 21 ਨਵੰਬਰ 2019 ਨੂੰ 140 ਸਟ੍ਰੀਟ ਨੇੜੇ 102 ਏ ਐਵੀਨਿਊ ਵਿਖੇ ਇਕ ਘਰ ਵਿਚ ਮ੍ਰਿਤਕ ਪਾਈ ਗਈ 21 ਸਾਲਾ ਪੰਜਾਬੀ ਵਿਦਿਆਰਥਣ ਪ੍ਰਭਲੀਨ ਕੌਰ ਮਠਾੜੂ ਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨੇ ਇੱਥੇ ਇੰਕਸ਼ਾਫ ਕੀਤਾ ਹੈ ਕਿ ਪ੍ਰਭਲੀਨ ਦੇ ਨਾਲ ਮ੍ਰਿਤਕ ਪਾਇਆ ਗਿਆ ਦੂਸਰਾ ਨੌਜਵਾਨ ਉਸ ਦਾ ਪਤੀ ਪੀਟਰ ਬੀਰਮੈਨ ਸੀ।

ਗੁਰਦਿਆਲ ਸਿੰਘ ਮਠਾੜੂ ਆਪਣੀ ਧੀ ਦੀ ਲਾਸ਼ ਨੂੰ ਵਾਪਸ ਭਾਰਤ ਲਿਆਉਣ ਲਈ ਵੈਨਕੂਵਰ ਵਿਚ ਆਏ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਭਲੀਨ ਅਤੇ 18 ਸਾਲਾ ਬੀਰਮੈਨ ਨੇ ਅਗਸਤ ਵਿਚ ਅਲਬਰਟਾ ਦੀ ਇਕ ਅਦਾਲਤ ਵਿਚ ਵਿਆਹ ਕਰਵਾਇਆ ਕੀਤਾ ਸੀ। ਸ. ਮਠਾੜੂ ਨੇ ਕਿਹਾ ਕਿ ਪ੍ਰਭਲੀਨ ਅਤੇ ਬੀਰਮੈਨ ਤਿੰਨ ਸਾਲ ਪਹਿਲਾਂ ਮਿਲੇ ਸਨ ਜਦੋਂ ਉਹ ਟਿਮ ਹੋਰਟਨਸ ਵਿਖੇ ਕੰਮ ਕਰ ਰਹੇ ਸਨ। ਉਨ੍ਹਾਂ ਨੇ ਹਾਲ ਹੀ ਵਿਚ ਇਕ ਮਕਾਨ ਕਿਰਾਏ ਤੇ ਲਿਆ ਸੀ ਅਤੇ ਕੁਝ ਫਰਨੀਚਰ ਅਤੇ ਇਕ ਕਾਰ ਖਰੀਦੀ ਸੀ। ਉਸਦੀ ਧੀ ਨੇ ਪੀ.ਆਰ. ਲਈ ਅਰਜ਼ੀ ਦਿੱਤੀ ਸੀ ਅਤੇ ਉਹ ਦੋਵੇਂ ਜਣੇ ਜਨਵਰੀ ਵਿਚ ਭਾਰਤ ਜਾਣ ਦੀ ਯੋਜਨਾ ਬਣਾ ਰਹੇ ਸਨ।

ਪੀਟਰ ਬੀਰਮੈਨ ਦੇ ਪਰਿਵਾਰ ਨੇ ਇਸ ਸਬੰਧ ਵਿਚ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਗੁਰਦਿਆਲ ਸਿੰਘ ਮਠਾੜੂ ਨੇ ਪੁਲਿਸ ਨੂੰ ਹੋਰ ਵੇਰਵੇ ਅਤੇ ਸਬੂਤ ਦੇਣ ਲਈ ਕਿਹਾ ਹੈ ਕਿ ਉਸਦੀ ਲੜਕੀ ਦੀ ਕਿਵੇਂ ਮੌਤ ਹੋਈ? ਗੁਰਦਿਆਲ ਸਿੰਘ ਅਨੁਸਾਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਪੀਟਰ ਨੇ ਕਤਲ ਵਾਲੇ ਦਿਨ ਬੰਦੂਕ ਖਰੀਦੀ ਸੀ ਅਤੇ ਉਸ ਕੋਲ ਹਥਿਆਰ ਰੱਖਣ ਦਾ ਲਾਇਸੈਂਸ ਸੀ। ਆਰਸੀਐਮਪੀ ਦੀ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਇਸ ਕੇਸ ਬਾਰੇ ਹੋਰ ਕੋਈ ਟਿੱਪਣੀ ਨਹੀਂ ਕੀਤੀ।

ਜ਼ਿਕਰਯੋਗ ਹੈ ਕਿ ਪੁਲਿਸ ਨੇ ਇਹ ਸਪਸ਼ਟ ਨਹੀਂ ਕੀਤਾ ਸੀ ਕਿ ਪ੍ਰਭਲੀਨ ਦੀ ਮੌਤ ਕਿਵੇਂ ਹੋਈ? ਪਰ ਜਾਂਚ ਕਰ ਰਹੀ ਟੀਮ ਨੇ ਇਹ ਜ਼ਰੂਰ ਕਿਹਾ ਸੀ ਕਿ ਦੋਵੇਂ ਇਕ ਦੂਜੇ ਨੂੰ ਜਾਣਦੇ ਸਨ।