21 ਅਕਤੂਬਰ ਨੂੰ ਹੋਣ ਵਾਲੀਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਤੇ ਦੁਨੀਆ ਭਰ ਚ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਭਾਰਤ ਸਮੇਤ ਦੁਨੀਆ ਭਰ ਚ ਵੱਸਣ ਵਾਲੇ ਪੰਜਾਬੀਆਂ ਦੀ ਇੱਥੇ ਆ ਕੇ ਵੱਸਣ ਦੀ ਪਹਿਲੀ ਪਸੰਦ ਕੈਨੇਡਾ ਹੈ ਅਤੇ ਹਰ ਖਾਂਦੇ ਪੀਂਦੇ ਪੰਜਾਬੀ ਦਾ ਕੈਨੇਡਾ ਦਾ ਕੋਈ ਨਾਂ ਕੋਈ ਰਿਸ਼ਤਾ ਜੁੜਿਆ ਹੋਇਆ ਹੈ। ਬੀਤੇ ਸਮੇਂ ਦੀ ਪਾਰਲੀਮੈਂਟ ਵਿੱਚ ਲੱਗ ਪੱਗ ਡੇਢ ਦਰਜਨ ਪੰਜਾਬੀ 338 ਮੈਂਬਰਾਂ ਦੀ ਇਸ ਪਾਰਲੀਮੈਂਟ ਵਿੱਚ ਜਿੱਥੇ ਆਪਣਾ ਸਥਾਨ ਰੱਖਦੇ ਹਨ ਉੱਥੇ ਮੰਤਰੀ ਮੰਡਲ ਵਿੱਚ ਵੀ ਉਹ ਅਹਿਮ ਅਹੁਦਿਆਂ ਤੇ ਦਿਖਾਈ ਦੇਂਦੇ ਹਨ। ਪੰਜਾਬੀਆਂ ਦੀ ਘਣੀ ਵਸੋਂ ਓਨਟਾਰੀਓ ਸੂਬੇ ਦੇ ਸ਼ਹਿਰ ਬਰੈਂਮਪਟਨ ਜਿਸ ਨੂੰ ਕਿ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ ਅਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਪੰਜਾਬੀਆਂ ਦੀ ਇੱਥੇ ਆ ਕੇ ਵੱਸਣਾ ਪਹਿਲੀ ਪਸੰਦ ਹੈ। ਇਸ ਸ਼ਹਿਰ ਦੀ ਆਬਾਦੀ 8 ਲੱਖ ਤੋਂ ਵੱਧ ਹੈ ਅਤੇ 2015 ਦੀਆਂ ਫੈਡਰਲ ਚੋਣਾਂ ਚ ਇਸ ਸ਼ਹਿਰ ਦੀਆਂ ਪੰਜ ਪਾਰਲੀਮਾਨੀ ਸੀਟਾਂ ਤੋਂ ਪੰਜਾਬੀ ਲਿਬਰਲ ਪਾਰਟੀ ਦੇ ਉਮੀਦਵਾਰ ਜਿੱਤੇ ਸਨ ਅਤੇ ਇਸ ਵਾਰੀ ਹੋਣ ਵਾਲੀਆਂ ਚੋਣਾਂ ਚ ਵੀ ਇਸ ਸ਼ਹਿਰ ਤੋਂ ਪੰਜੇ ਸੀਟਾਂ ਤੇ ਪੰਜਾਬੀ ਬਾਜ਼ੀ ਮਾਰਨਗੇ ਕਿਉਂਕਿ ਮੁੱਖ ਮੁਕਾਬਲੇ ਚ ਮੋਹਰੀ ਉਮੀਦਵਾਰ ਲਗਪਗ ਸਾਰੀਆਂ ਪਾਰਟੀਆਂ ਦੇ ਪੰਜਾਬੀ ਹੀ ਹਨ। ਕੈਨੇਡਾ ਦੇ ਸਿਆਸੀ ਮਾਹਿਰਾਂ ਦਾ ਖ਼ਿਆਲ ਹੈ ਕਿ ਪੰਜਾਬੀ ਭਾਈਚਾਰੇ ਵੱਲੋਂ ਇਹਨਾਂ ਚੋਣਾਂ ਚ ਹਿੱਸਾ ਲੈਣ ਦੀ ਵਿਖਾਈ ਜਾ ਰਹੀ ਵੱਡੀ ਦਿਲਚਸਪੀ ਬੀਤੀ ਪਾਰਲੀਮੈਂਟ ਚ ਢੇਡ ਦਰਜਨ ਤੋਂ ਇਸ ਨਵੀਂ ਪਾਰਲੀਮੈਂਟ ਚ ਪੰਜਾਬੀਆਂ ਜਾਂ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਦੋ ਦਰਜਨ ਹੋ ਸਕਦੀ ਹੈ।
ਬਰੈਂਮਪਟਨ ਸ਼ਹਿਰ ਦੀਆਂ ਪੰਜ ਪਾਰਲੀਮਾਨੀ ਸੀਟਾਂ ਜਿੱਥੇ ਕਿ ਕੈਨੇਡਾ ਦੀਆਂ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਚ ਉਤਾਰਿਆ ਹੋਇਆ ਹੈ ਕਈ ਥਾਈਂ ਦੁਵੱਲੀ ਅਤੇ ਕਈ ਥਾਂਈਂ ਤਿਕੋਣੀ ਟੱਕਰ ਦੇ ਆਸਾਰ ਨਜ਼ਰ ਆਉਂਦੇ ਹਨ। ਇਹਨੀਂ ਦਿਨੀਂ ਇੱਥੋਂ ਦਾ ਵੋਟਰ ਇੰਨਾ ਕੂ ਜਾਗਰੂਕ ਹੋ ਚੁਕਾ ਹੈ ਕਿ ਉਸ ਦੇ ਅੰਦਰ ਨੂੰ ਪੜ੍ਹਨਾ ਔਖਾ ਹੋ ਗਿਆ ਹੈ। ਕਈ ਘਰਾਂ ਦੇ ਬਾਹਰ ਲੱਗੇ ਕਈ ਉਮੀਦਵਾਰਾਂ ਦੇ ਸਾਈਨ ਵੇਖੇ ਜਾ ਸਕਦੇ ਹਨ ਜਿਹੜੇ ਇਸ ਗੱਲ ਦੇ ਸੂਚਕ ਹਨ ਕਿ ਘਰ ਦਾ ਮਾਲਕ ਮੂੰਹ ਮੁਲਾਹਜ਼ੇ ਕਰਕੇ ਕਿਸੇ ਨੂੰ ਨਾਂਹ ਨਹੀਂ ਕਰਦਾ ਪਰ ਉਸ ਦੇ ਦਿਲ ਵਿੱਚ ਕੀ ਹੈ ਇਹ ਇਕ ਬੁਝਾਰਤ ਹੈ।

ਬਰੈਂਮਪਟਨ ਈਸਟ ਸੀਟ ਤੋਂ ਬੀਤੀਆਂ ਚੋਣਾਂ ਚ ਰਾਜ ਗਰੇਵਾਲ ਲਿਬਰਲ ਪਾਰਟੀ ਲਈ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਸਨ ਪਰ ਉਨ੍ਹਾਂ ਦੀ ਜੂਏ ਦੀ ਲੱਤ ਕਰਕੇ ਉਹ ਵੱਡੇ ਕਰਜ਼ੇ ਦਾ ਸ਼ਿਕਾਰ ਹੋ ਗਏ ਉਨ੍ਹਾਂ ਨੂੰ ਲਿਬਰਲ ਪਾਰਟੀ ਤੋਂ ਅਸਤੀਫ਼ਾ ਦੇ ਕੇ ਸਰਗਰਮ ਸਿਆਸਤ ਤੋਂ ਲਾਂਭੇ ਹੋਣਾ ਪਿਆ ਇਸ ਲਈ ਇਸ ਹਲਕੇ ਤੋਂ ਪੰਜਾਬੀ ਭਾਈਚਾਰੇ ਚ ਜਾਣੇ ਪਹਿਚਾਣੇ ਗੁਰਦੁਆਰਾ ਸਿਆਸਤ ਅਤੇ ਕਬੱਡੀ ਨਾਲ ਜੁੜੇ ਪਰਿਵਾਰਾਂ ਚੋਂ ਆਪਣਾ ਕਾਰੋਬਾਰ ਕਰਦੇ ਮਨਿੰਦਰ ਸਿੰਘ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਜਦੋਂ ਕਿ ਕੰਜਰਵੇਟਿਵ ਪਾਰਟੀ ਵੱਲੋਂ ਰੋਮਾਂਨਾਂ ਸਿੰਘ ਅਤੇ ਐਨ ਡੀ ਪੀ ਵੱਲੋਂ ਕਿੱਤੇ ਵਜੋਂ ਵਕੀਲ ਸ਼ਰਨਜੀਤ ਨੂੰ ਚੋਣ ਮੈਦਾਨ ਚ ਉਤਾਰਿਆ ਹੈ। ਇਸ ਹਲਕੇ ਨੂੰ ਭਾਵੇਂ ਕਿ ਲਿਬਰਲ ਸੀਟ ਮੰਨਿਆਂ ਜਾਂਦਾ ਹੈ ਪਰ ਦੂਜੇ ਪਾਸੇ ਇਸ ਹਲਕੇ ਤੋਂ ਐਨ ਡੀ ਪੀ ਮੁਖੀ ਜਗਮੀਤ ਸਿੰਘ ਦੋ ਵਾਰ ਆਪ ਐਮ ਪੀ ਪੀ ਬਣੇ ਅਤੇ ਬਾਅਦ ਵਿੱਚ ਉਨ੍ਹਾਂ ਦਾ ਛੋਟਾ ਭਰਾ ਵੀ ਹੁਣ ਇਸੇ ਹਲਕੇ ਤੋਂ ਓਨਟਾਰੀਓ ਸੂਬੇ ਦੀ ਪਾਰਲੀਮੈਂਟ ਚ ਐਮ ਪੀ ਪੀ ਹੈ। ਇਸ ਮੁਕਾਬਲੇ ਚ ਇਹ ਸੀਟ ਲਿਬਰਲਾਂ ਅਤੇ ਐਨ ਡੀ ਪੀ ਚ ਕਰਾਰੀ ਟੱਕਰ ਕਹੀ ਜਾ ਸਕਦੀ ਹੈ।ਇਸ ਸੀਟ ਲਈ ਖੜੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨਵੇਂ ਹਨ।
ਬਰੈਂਮਪਟਨ ਨਾਰਥ ਤੋਂ ਬੀਤੀਆਂ ਚੋਣਾਂ ਚ ਜਿੱਤ ਹਾਸਲ ਕਰਨ ਵਾਲੀ ਰੂਬੀ ਸਹੋਤਾ ਦਾ ਮੁਕਾਬਲਾ ਕੰਜਰਵੇਟਿਵ ਉਮੀਦਵਾਰ ਅਰਪਣ ਖੰਨਾ ਨਾਲ ਹੈ, ਰਾਜਨੀਤੀ ਚ ਹੱਥ ਅਜ਼ਮਾਉਣ ਵਾਲੇ ਅਰਪਣ ਖੰਨਾ ਪੰਜਾਬੀ ਭਾਈਚਾਰੇ ਦੇ ਇਕ ਵੱਡੇ ਹਿੱਸੇ ਨੂੰ ਆਪਣੇ ਨਾਲ ਜੋੜਨ ਚ ਸਫਲ ਹੋਏ ਹਨ, ਅਲਬਰਟਾ ਸੂਬੇ ਪ੍ਰੀਮੀਅਰ (ਮੁੱਖ ਮੰਤਰੀ) ਜੇਸਨ ਕੇਨੀ ਅਰਪਨ ਖੰਨਾ ਦੇ ਹੱਕ ਚ ਪ੍ਰਚਾਰ ਕਰਦੇ ਵੀ ਵੇਖੇ ਗਏ। ਦੂਜੇ ਪਾਸੇ ਰੂਬੀ ਸਹੋਤਾ ਵੱਲੋਂ ਇਸ ਹਲਕੇ ਦੀ ਮੈਂਬਰ ਪਾਰਲੀਮੈਂਟ ਹੁੰਦਿਆਂ ਭਾਈਚਾਰੇ ਪ੍ਰਤੀ ਕੀਤੀਆਂ ਸੇਵਾਵਾਂ ਦੀ ਗਿਣਤੀ ਵੀ ਵੋਟਰਾਂ ਦੇ ਸਾਹਮਣੇ ਹੈ। ਇਸ ਸਮੇਂ ਤੱਕ ਹਲਕੇ ਚ ਲਿਬਰਲ ਅਤੇ ਕੰਜ਼ਰਵੇਟਿਵ ਉਮੀਦਵਾਰਾਂ ਚ ਕਾਂਟੇ ਦੀ ਟੱਕਰ ਹੈ।
ਬਰੈਂਮਪਟਨ ਸਾਊਥ ਤੋਂ ਬੀਤੀਆਂ ਚੋਣਾਂ ਚ ਲਿਬਰਲ ਪਾਰਟੀ ਦੀ ਚੋਣ ਜਿੱਤਣ ਵਾਲੀ ਸੋਨੀਆ ਸਿੱਧੂ ਦਾ ਮੁਕਾਬਲਾ ਐਨ ਡੀ ਪੀ ਦੀ ਮਨਦੀਪ ਕੌਰ ਅਤੇ ਕੰਜਰਵੇਟਿਵ ਉਮੀਦਵਾਰ ਰਮਨਦੀਪ ਸਿੰਘ ਬਰਾੜ ਨਾਲ ਹੈ ਇਸ ਤਿਕੋਣੇ ਮੁਕਾਬਲੇ ਚ ਫਸਵੀਂ ਟੱਕਰ ਕਹੀ ਜਾ ਸਕਦੀ ਹੈ। ਪਰ ਸੋਨੀਆ ਸਿੱਧੂ ਵੱਲੋਂ ਮੈਂਬਰ ਪਾਰਲੀਮੈਂਟ ਹੁੰਦਿਆਂ ਭਾਈਚਾਰੇ ਦੀਆਂ ਕੀਤੀਆਂ ਸੇਵਾਵਾਂ ਵੀ ਵੋਟਰਾਂ ਦੇ ਸਾਹਮਣੇ ਹਨ ਜਦੋਂ ਕਿ ਬਾਕੀ ਦੋਵੇਂ ਉਮੀਦਵਾਰ ਨਵੇਂ ਕਹੇ ਜਾ ਸਕਦੇ ਹਨ।
ਬਰੈਂਪਟਨ ਵੈਸਟ ਹਲਕੇ ਤੋਂ ਬੀਤੀਆਂ ਚੋਣਾਂ ਚ ਲਿਬਰਲ ਪਾਰਟੀ ਲਈ ਚੋਣ ਜਿੱਤਣ ਵਾਲੀ ਕਮਲ ਖਹਿਰਾ ਦਾ ਮੁਕਾਬਲਾ ਕੰਜਰਵੇਟਿਵ ਪਾਰਟੀ ਦੇ ਉਮੀਦਵਾਰ ਅਤੇ ਉੱਘੇ ਵਕੀਲ ਮੁਰਾਰੀ ਲਾਲ ਥਪਲੀਆਲ ਅਤੇ ਐਮ ਡੀ ਪੀ ਉਮੀਦਵਾਰ ਨਵਜੀਤ ਕੌਰ ਨਾਲ ਹੈ। ਮੁਰਾਰੀਲਾਲ ਥਪਲੀਆਲ ਨੇ ਬੀਤੇ ਲੰਬੇ ਸਮੇਂ ਤੋਂ ਜਿੱਥੇ ਇਸ ਹਲਕੇ ਚ ਆਪਣੇ ਵੋਟਰਾਂ ਨੂੰ ਲਾਮਬੰਦ ਕੀਤਾ ਹੈ ਉੱਥੇ ਐਨ ਡੀ ਪੀ ਦੀ ਉਮੀਦਵਾਰ ਲਿਬਰਲ ਪਾਰਟੀ ਦੀ ਉਮੀਦਵਾਰ ਲਈ ਖ਼ਤਰੇ ਦੀ ਘੰਟੀ ਹੈ।
ਬਰੈਂਮਪਟਨ ਸੈਂਟਰ ਤੋਂ ਬੀਤੀਆਂ ਚੋਣਾਂ ਚ ਲਿਬਰਲ ਪਾਰਟੀ ਦੀ ਝੋਲੀ ਇਹ ਸੀਟ ਪਾਉਣ ਵਾਲੇ ਕਿੱਤੇ ਵਜੋਂ ਵਕੀਲ ਰਾਮੇਸ਼ਵਰ ਸਿੰਘ ਸੰਘਾ ਦਾ ਸਿੱਧਾ ਮੁਕਾਬਲਾ ਬੀਤੀ ਕੰਜਰਵੇਟਿਵ ਸਰਕਾਰ ਵੇਲੇ ਖੇਡ ਮੰਤਰੀ ਰਹੇ ਬੱਲ ਗੋਸਲ ਦੀ ਪਤਨੀ ਪਵਨਜੀਤ ਗੋਸਲ ਨਾਲ ਹੈ। ਇਸ ਹਲਕੇ ਚ ਇਸ ਸਮੇਂ ਤੱਕ ਲਿਬਰਲ ਦਾ ਹੱਥ ਉੱਪਰ ਵੇਖਿਆ ਜਾ ਰਿਹਾ ਹੈ।
ਨੇੜਲੇ ਸ਼ਹਿਰ ਮਿਸੀਸਾਗਾ ਤੋਂ ਪੰਜਾਬੀ ਲਿਬਰਲ ਉਮੀਦਵਾਰ ਅਤੇ ਮੰਤਰੀ ਨਵਦੀਪ ਬੈਂਸ ਅਤੇ ਐਮ ਪੀ ਗਗਨ ਸਿਕੰਦ ਆਪਣੇ ਵਿਰੋਧੀਆਂ ਤੋਂ ਕਾਫ਼ੀ ਅੱਗੇ ਚੱਲ ਰਹੇ ਹਨ।