ਫਗਵਾੜਾ,(ਡਾ.ਰਮਨ) ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਆਰਡੀਨੈਂਸ ਦਾ ਕਿਸਾਨਾਂ, ਮਜਦੂਰਾਂ ਅਤੇ ਵਪਾਰੀ ਵਰਗ ਨੂੰ ਵੱਡਾ ਨੁਕਸਾਨ ਹੋਵੇਗਾ ਜਿਸਦੇ ਆਉਣ ਸਮੇਂ ਵਿੱਚ ਬਹੁਤ ਗੰਭੀਰ ਸਿੱਟੇ ਨਿਕਲਣਗੇ ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਇਕਾਈ ਦੇ ਪ੍ਰਧਾਨ ਸ੍ਰ ਦਲਵਿੰਦਰ ਸਿੰਘ ਘੁੰਮਣ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਸਾਂਝੇ ਕੀਤੇ। ਸ੍ਰ ਘੁੰਮਣ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਦੇਸ਼ ਅਤੇ ਸੂਬਿਆਂ ਦੀ ਆਰਥਿਕ ਵਿਵਸਥਾ ਕਿਸਾਨਾਂ, ਮਜਦੂਰਾਂ ਅਤੇ ਵਪਾਰੀਆਂ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਹੀ ਇਹ ਵਰਗ ਆਰਡੀਨੈਂਸ ਲਾਗੂ ਕਰਨ ਦੇ ਹੱਕ ਵਿੱਚ ਨਹੀਂ ਹੈ ਤਾਂ ਉਨ੍ਹਾਂ ਤੇ ਇਸ ਨੂੰ ਜਬਰਦਸਤੀ ਕਿਉਂ ਥੋਪਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਦਾਅਵਾ ਹੈ ਕਿ ਆਰਡੀਨੈਂਸ ਕਿਸਾਨ, ਮਜਦੂਰ ਅਤੇ ਆੜ੍ਹਤੀਆਂ ਪੱਖੀ ਹਨ ਜੋ ਮਹਿਜ ਇੱਕ ਗਿਣੀਮਿੱਥੀ ਸਾਜਿਸ਼ ਤਹਿਤ ਮੋਦੀ ਸਰਕਾਰ ਦਾ ਇੱਕ ਡਰਾਮਾ ਹੈ ਜਿਸਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ, ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨਸਿੰਘ ਵਾਲਾ ਦੀ ਅਗਵਾਈ ਹੇਠ ਕਿਸੇ ਵੀ ਸੂਰਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਸ੍ਰ ਦਲਵਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਮੰਡੀਆਂ ਵਿੱਚ ਉੱਤਰੀਆ ਵੱਡੀਆਂ ਪ੍ਰਾਈਵੇਟ ਕੰਪਨੀਆਂ, ਫਸਲ ਦੀ ਜਦੋਂ ਖਰੀਦ ਕਰਨਗੀਆਂ ਤਾਂ ਆੜ੍ਹਤੀਆਂ, ਕਿਸਾਨ, ਮਜਦੂਰ ਵਰਗ ਕੰਗਾਲ ਹੋ ਕੇ ਰਹਿ ਜਾਵੇਗਾ ਅਤੇ ਵੱਡੀਆਂ ਕੰਪਨੀਆਂ ਆਪਣੀ ਮਨਮਰਜੀ ਕਰਨਗੀਆਂ ਇਸ ਲਈ ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਇੱਕ ਅੰਨ ਭੰਡਾਰ ਸੂਬਾ ਹੈ ਜੋ ਦੇਸ਼ ਦਾ ਢਿੱਡ ਭਰ ਰਿਹਾ ਹੈ ਇਸ ਕਰਕੇ ਆਰਡੀਨੈਂਸ ਲਾਗੂ ਹੋਣ ਦਾ ਸਭ ਤੋਂ ਵੱਡਾ ਅਸਰ ਪੰਜਾਬ ਤੇ ਪਵੇਗਾ ਜੋ ਕਿ ਪਹਿਲਾਂ ਹੀ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪੰਜਾਬ ਦੇ ਲੋਕ ਆਰਥਿਕ ਪੱਖੋਂ ਟੁੱਟੇ ਹੋਏ ਹਨ ਇਸ ਲਈ ਆਰਡੀਨੈਂਸ ਨੂੰ ਵਾਪਸ ਲੈਣਾ ਬੇਹੱਦ ਜ਼ਰੂਰੀ ਹੈ।