-ਹਰੇਕ ਪਰਿਵਾਰ ਦੇ ਮੈਂਬਰ ਨੂੰ 5 ਕਿੱਲੋ ਕਣਕ ਅਤੇ ਇੱਕ ਕਿੱਲੋ ਦਾਲ ਤਿੰਨ ਮਹੀਨੇ ਤਕ ਮਿਲੇਗੀ

ਫਗਵਾੜਾ ( ਡਾ ਰਮਨ)। ਫਗਵਾੜਾ ਦੇ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕੋਰੋਨਾ ਜਿਹੀ ਮਹਾਂਮਾਰੀ ਦੇ ਚਲਦੇ,ਜੋ ਲਾਕਡਾਉਨ ਕੀਤਾ ਗਿਆ ਹੈ ਵਿਚ ਜ਼ਰੂਰਤਮੰਦ ਪਰਿਵਾਰਾਂ ਦੀ ਤੰਗੀ ਨੂੰ ਸਮਝ ਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੇਂਦਰ ਸਰਕਾਰ ਦੀ ਮਾਰਫ਼ਤ ਇਹਨਾਂ ਪਰਿਵਾਰਾਂ ਦੀ ਸਹਾਇਤਾ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਪ੍ਰਧਾਨ ਮੰਤਰੀ ਸ੍ਰੀ ਮੋਦੀ ਚਾਹੁੰਦੇ ਹਨ ਕਿ ਦੇਸ਼ਵਾਸੀ ਇਸ ਸੰਕਟ ਦੀ ਘੜੀ ਵਿਚੋਂ ਗੁਜ਼ਰ ਰਹੇ ਹਨ ਅਤੇ ਇਹਨਾਂ ਦਾ ਹੱਥ ਫੜਨ ਦੀ ਲੋੜ ਹੈ ਤਾਂ ਜੋ ਉਹ ਇਸ ਮਹਾਂਮਾਰੀ ਦੇ ਨਾਲ ਲੜਨ ਦਾ ਹੌਸਲਾ ਬਣਾਏ ਰੱਖਣ ਅਤੇ ਕੋਈ ਵੀ ਪਰਿਵਾਰ ਭੁੱਖਾ ਨਾ ਰਹੇ।
ਅਰੁਣ ਖੋਸਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜ਼ਰੂਰਤਮੰਦ ਪਰਿਵਾਰਾਂ ਦੇ ਹਰੇਕ ਮੈਂਬਰ ਨੂੰ 5 ਕਿੱਲੋ ਕਣਕ ਅਤੇ ਇੱਕ ਕਿੱਲੋ ਦਾਲ ਦਿੱਤੀ ਜਾਵੇਗੀ,ਜਿੰਨਾ ਦੇ ਰਾਸ਼ਨ ਕਾਰਡ ਵੀ ਨਹੀਂ ਹਨ। ਇਹ ਸਹਾਇਤਾ ਤਿੰਨ ਮਹੀਨੇ ਤੱਕ ਬਿਨਾਂ ਕਿਸੇ ਸਿਆਸੀ ਭੇਦਭਾਵ ਦੇ ਦਿੱਤੀ ਜਾਵੇਗੀ। ਨਾਂ ਕਿ ਕਾਂਗਰਸ ਦੀ ਤਰਾਂ ਜੋ ਉਹ ਨੀਲੇ ਕਾਰਡਾਂ ਨੂੰ ਲੈ ਕੇ ਕਰ ਰਹੇ ਹਨ। ਖੋਸਲਾ ਨੇ ਦੱਸਿਆ ਕਿ ਕਾਂਗਰਸ ਨੇ ਤਾਂ ਬਹੁਗਿਣਤੀ ਵਿਚ ਨੀਲੇ ਕਾਰਡ ਕੱਟ ਹੀ ਦਿੱਤੇ ਹਨ। ਜਿਹੜੇ ਰਹਿ ਗਏ ਹਨ ਉਨ੍ਹਾਂ ਨੂੰ ਰਾਸ਼ਨ ਦੀ ਕਣਕ ਲਈ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ। ਜ਼ਰੂਰਤਮੰਦ ਪਰਿਵਾਰਾਂ ਲਈ ਭੇਜੀਆਂ ਗਈਆਂ ਰਾਸ਼ਨ ਕਿੱਟਾਂ ਵੀ ਕਾਂਗਰਸੀ ਨੇਤਾਵਾਂ ਨੇ ਆਪਣੇ ਚਹੇਤਿਆਂ ਨੂੰ ਦੇ ਦਿੱਤੀਆਂ,ਜਦਕਿ ਕਈ ਗ਼ਰੀਬ ਸਮਾਜਿਕ ਜਾਂ ਧਾਰਮਿਕ ਸੰਸਥਾਵਾਂ ਦੇ ਸਿਰ ਤੇ ਰੋਟੀ ਖਾ ਰਹੇ ਹਨ। ਖੋਸਲਾ ਨੇ ਕਿਹਾ ਕਿ ਅਸਲ ਵਿਚ ਸਿਆਸੀ ਖਿੱਚੋ ਤਾਨ ਨੇ ਪਹਿਲਾਂ ਤਾਂ ਕਾਂਗਰਸ ਸਰਕਾਰ ਦਾ ਭੱਠਾ ਬੈਠਾ ਦਿੱਤਾ ਅਤੇ ਰਹਿੰਦਾ ਖੁੰਦਾ ਹੁਣ ਲੋਕਲ ਨੇਤਾਵਾਂ ਨੇ ਬੈਠਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਭੇਜੀ ਜਾ ਰਹੀ ਕਣਕ ਸੰਬੰਧੀ ਅੱਜ ਹੀ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਦੱਸਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਕਣਕ ਦਾ ਸਟਾਕ ਉਨ੍ਹਾਂ ਤੱਕ ਪਹੁੰਚ ਗਿਆ ਹੈ ਅਤੇ ਦਾਲ ਦਾ ਸਟਾਕ ਹਾਲੇ ਤੀਕ ਨਹੀਂ ਪਹੁੰਚਿਆ। ਰਸਦ ਪੁੱਜਦੇ ਹੀ ਵੰਡਣ ਦਾ ਸਿਸਟਮ ਤਿਆਰ ਕਰ ਜ਼ਰੂਰਤਮੰਦਾਂ ਦੀ ਪਛਾਣ ਕਰ ਕੇ ਰਾਸ਼ਨ ਉਨ੍ਹਾਂ ਤੱਕ ਪਹੁੰਚਾ ਦਿੱਤਾ ਜਾਵੇਗਾ। ਖੋਸਲਾ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਅਜਿਹਾ ਸਿਸਟਮ ਤਿਆਰ ਕੀਤਾ ਜਾਵੇ ਕਿ ਬਿਨਾਂ ਕਿਸੇ ਸਿਆਸੀ ਵਿਤਕਰੇ ਦੇ ਹਰੇਕ ਗ਼ਰੀਬ ਤੱਕ ਰਾਸ਼ਨ ਪੁੱਜਦਾ ਹੋਵੇ। ਇਹ ਨਾ ਹੋਵੇ ਕਿ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਵਾਂਗ ਕਿ ਸਮਾਨ ਵੰਡ ਵੀ ਹੋ ਜਾਵੇ ਅਤੇ ਕਿਸੇ ਨੂੰ ਪਤਾ ਵੀ ਨਾ ਲੱਗੇ। ਉਨਾ ਦੱਸਿਆ ਕਿ ਕੇਂਦਰ ਸਰਕਾਰ ਪਹਿਲਾ ਜਨ ਧਨ ਯੋਜਨਾ ਖਾਤੇਆ ਵਿਚ 500 ਰੁਪਏ ਅਤੇ ਉਜਵਲਾ ਗੈੱਸ ਯੋਜਨਾ ਤਹਿਤ 770 ਰੁਪਏ ਹਰੇਕ ਲਾਭਪਾਤਰੀ ਦੇ ਖਾਤੇ ਵਿਚ ਪਾ ਜਾ ਚੁੱਕੇ ਹਨ ਅਤੇ ਤਿੰਨ ਮਹੀਨੇ ਇਹ ਰਾਹਤ ਮਿਲੇਗੀ।