-ਆਰਡੀਨੈਂਸਾਂ ਤੇ ਸੁਖਬੀਰ ਸਿੰਘ ਬਾਦਲ ਦਾ ‘ਯੂ ਟਰਨ’ ਉਸ ਦੇ ਦੋਹਰੇ ਚਰਿੱਤਰ ਨੂੰ ਉਜਾਗਰ ਕਰਨ ਵਾਲਾ ਸੱਚ,ਵਜ਼ੀਰੀ ਪਿਆਰੀ,ਕਿਸਾਨੀ ਨਹੀਂ
ਫਗਵਾੜਾ (ਡਾ ਰਮਨ )। ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਕਿਹਾ ਕਿ ਕੇਂਦਰ ਦੇ ਖੇਤੀ ਸੰਬੰਧੀ ਆਰਡੀਨੈਂਸ ਕਿਸਾਨ ਵਿਰੋਧੀ ਅਤੇ ਕਿਸਾਨ ਮਾਰੂ ਹਨ। ਜਿਸ ਦਾ ਪੰਜਾਬ ਕਾਂਗਰਸ ਨੇ ਡਟ ਕੇ ਵਿਰੋਧ ਕੀਤਾ ਹੈ ਅਤੇ ਅਗਾਂਹ ਕਰਦੀ ਰਹੇਂਗੀ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਸ ਮਹਾਂਮਾਰੀ ਦੌਰਾਨ ਮਜਬੂਰਨ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪਿਆ ਹੈ,ਪੰਜਾਬ ਸਰਕਾਰ ਕਿਸਾਨ ਸੰਘਰਸ਼ ਵਿਚ ਹਮੇਸ਼ਾ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸਮਝ ਦੇ ਹੋਏ ਉਨ੍ਹਾਂ ਦੇ ਨਾਲ ਹੈ। ਉਹ ਅੱਜ ਫਗਵਾੜਾ ਕਾਂਗਰਸੀ ਨੇਤਾਵਾਂ ਨਾਲ ਗੱਲਬਾਤ ਕਰ ਰਹੇ ਸਨ।
ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਸਲ ਵਿਚ ਇਸ ਆਰਡੀਨੈਂਸ ਦੇ ਰਾਹੀ ਮਲਟੀ ਬਰਾਂਡ ਕੰਪਨੀਆਂ ਨੂੰ ਬੜਾ ਵਾ ਦੇ ਰਹੀ ਹੈ ਅਤੇ ਕਿਸਾਨਾਂ ਨੂੰ ਸਿਰਫ਼ ਉਨ੍ਹਾਂ ਦਾ ਮਜ਼ਦੂਰ ਬਣਾ ਕੇ ਰੱਖ ਦੇਵੇਗੀ। ਜਿਸ ਨੂੰ ਕਦੇ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੰਸਦ ਵਿਚ ਪੇਸ਼ ਕੀਤੇ ਜਾਣ ਸਮੇਂ ਮੂੰਹ ਤੇ ਟੇਪ ਲੱਗਾ ਕੇ ਕਿਸਾਨਾਂ ਨਾਲ ਧਰੋਹ ਕਰਨ ਵਾਲੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ,ਹੁਣ ਹੈਰਾਨੀਜਨਕ ਢੰਗ ਨਾਲ ਯੂ ਟਰਨ ਲੈ ਕੇ ਕਿਸਾਨਾਂ ਨੂੰ ਬੇਵਕੂਫ਼ ਬਣਾ ਕੇ ਅਤੇ ਵਜ਼ੀਰੀ ਬਚਾਣ ਦੇ ਚੱਕਰ ਵਿਚ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਜਦੋਂਕਿ ਕੁੱਝ ਦਿਨ ਪਹਿਲਾ ਹੀ ਕੇਂਦਰੀ ਖੇਤੀ ਮੰਤਰੀ ਦੇ ਇੱਕ ਪੱਤਰ ਨੂੰ ਲੈ ਕੇ ਕਾਫ੍ਰੇਂਸ ਵਿਚ ਇਸ ਆਰਡੀਨੈਂਸ ਦੇ ਹੱਕ ਵਿਚ ਕੱਸੀਦੇ ਪੜ ਰਹੇ ਸਨ। ਧਾਲੀਵਾਲ ਨੇ ਕਿਹਾ ਕਿ ਬਾਦਲ ਦਾ ਯੂ ਟਰਨ ਉਸ ਦੇ ਪੰਜਾਬ ਅਤੇ ਪੰਜਾਬੀਅਤ ਨੂੰ ਲੈ ਕੇ ਦੋਹਰੇ ਚਰਿੱਤਰ ਨੂੰ ਉਜਾਗਰ ਕਰਨ ਵਾਲਾ ਸੱਚ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਅਕਾਲੀ ਦਲ ਨੇ ਕਿਸਾਨੀ ਦੇ ਹਿਤਾਂ ਨਾਲ ਖਿਲਵਾੜ ਕੀਤਾ ਹੋਵੇ ਬਲਕਿ ਪੰਜਾਬ ਅਤੇ ਫੈਡਰਲ ਸਟੇਟ ਦੇ ਮੂਲ ਭੂਤ ਸਿਧਾਂਤ ਨੂੰ ਸੱਟ ਮਾਰਨ ਦੀ ਕੇਂਦਰ ਦੀ ਹਰ ਕੋਸ਼ਿਸ਼ ਦਾ ਸਾਥ ਦਿੱਤਾ ਹੈ। ਅਕਾਲੀ ਦਲ ਨੇ ਸਿਰਫ਼ ਵਜ਼ੀਰੀ ਬਚਾਉਣ ਲਈ ਪੰਜਾਬ,ਕਿਸਾਨੀ ਅਤੇ ਫੈਡਰਲ ਸਟੇਟ ਦੇ ਸਿਧਾਂਤ ਕੇਂਦਰ ਕੋਲ ਗਿਰਵੀ ਰੱਖ ਦਿੱਤੇ ਹਨ। ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਆਰਡੀਨੈਂਸ ਸੰਬੰਧੀ ਕਿਸਾਨ ਯੂਨੀਅਨ ਅਤੇ ਖੇਤੀ ਪ੍ਰਧਾਨ ਰਾਜਾਂ ਨਾਲ ਸਲਾਹ ਮਸ਼ਵਰਾ ਕਰ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈ ਕੇ ਅੱਗੇ ਕਾਰਵਾਈ ਕਰੇ। ਜੇ ਪੰਜਾਬ ਦਾ,ਦੇਸ਼ ਦਾ ਕਿਸਾਨ ਹੀ ਨਾ ਬੱਚਿਆ ਤਾਂ ਦੇਸ਼ ਦੀ ਮੂਲ ਭੂਤ ਰੂਹ ਜੋ ਕਿਸਾਨ ਨੂੰ ਅੰਨ ਦਾਤਾ ਦਾ ਦਰਜਾ ਦਿੰਦੀ ਹੈ ,ਵੀ ਮਰ ਜਾਵੇਗੀ। ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਦੰਰ ਸਿੰਘ ਅਜਿਹਾ ਕਿਸੇ ਕੀਮਤ ਤੇ ਨਹੀਂ ਹੋਣ ਦੇਣਗੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਸੰਮਤੀ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾ ਰਾਈ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਜਗਜੀਵਨ ਖਲਵਾੜਾ, ਨਿਸ਼ਾ ਰਾਣੀ,ਮੀਨਾ ਰਾਣੀ ਮੈਂਬਰ ਜਿੱਲ੍ਹਾ ਪਰਿਸ਼ਦ,ਵਿਕੀ ਵਾਲੀਆਂ ਮੈਂਬਰ ਮਾਰਕੀਟ ਕਮੇਟੀ,ਜਰਨੈਲ ਸਿੰਘ ਸਰਪੰਚ ਉੱਚਾ,ਪਰਮਿੰਦਰ ਸਿੰਘ ਸੰਨੀ,ਪਰਮਿੰਦਰ ਸਿੰਘ ਸਰਪੰਚ ਡੁਮੇਲੀ,ਹਰਨੇਕ ਸਿੰਘ ਡੁਮੇਲੀ,ਸੁੱਚਾ ਰਾਮ ਮੈਂਬਰ ਬਲਾਕ ਸੰਮਤੀ,ਸੁਖਵਿੰਦਰ ਸਿੰਘ ਰਾਣੀਪੁਰ,ਹਰਸਰੂਪ ਸਿੰਘ ਰਿਹਾਣਾ ਜੱਟਾਂ,ਸੁਖਵਿੰਦਰ ਸਿੰਘ ਕਾਲਾ ਸਰਪੰਚ ਮਹੇੜੂ,ਕਾਲਾ ਸਰਪੰਚ ਅਠੌਲੀ,ਸੁਲੱਖਣ ਸਿੰਘ ਮੌਲੀ,ਹਰਜੀਤ ਸਿੰਘ ਸਰਪੰਚ ਪਾਂਛਟਾ,ਮਲਕੀਅਤ ਸਿੰਘ ਸਾਬਕਾ ਸਰਪੰਚ ਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਹੈ।