ਫਗਵਾੜਾ ( ਡਾ ਰਮਨ) ਕੇਂਦਰ ਦੇ ਖੇਤੀ ਸੰਬੰਧੀ ਆਰਡੀਨੈਂਸ ਜੋ ਕਿਸਾਨ ਵਿਰੋਧੀ ਅਤੇ ਕਿਸਾਨ ਮਾਰੂ ਹਨ, ਦੇ ਵਿਰੋਧ ਵਿਚ ਦੋਆਬਾ ਸਮੇਤ ਸਾਰੀਆਂ ਕਿਸਾਨ ਜਥੇਂਬੰਦੀਆਂ ਸੰਘਰਸ਼ ਕਰ ਰਹੀਆਂ ਹਨ। 14 ਅਤੇ 15 ਸਤੰਬਰ ਨੂੰ ਫਗਵਾੜਾ ਵਿਚ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਜਾ ਰਿਹਾ ਹੈ। ਫਗਵਾੜਾ ਦੇ ਸੀਨੀਅਰ ਕਾਂਗਰਸੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਇਹ ਬਿਲ ਕਿਸਾਨ ਵਿਰੋਧੀ,ਆੜਤੀ ਵਿਰੋਧੀ,ਖੇਤੀ ਵਿਰੋਧੀ ਅਤੇ ਪੰਜਾਬ ਵਿਰੋਧੀ ਹੈ। ਇਸਦਾ ਹਰ ਕਦਮ ਤੇ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸਦੇ ਵਿਰੋਧ ਵਿਚ ਕਿਸਾਨ ਭਾਈਚਾਰਾ ਸੜਕਾਂ ਤੇ ਹੈ। ਸਮੂੰਹ ਆੜਤੀ ਐਸੋਸਇਏਸ਼ਨ ਅਤੇ ਮੰਡੀ ਕਾਰੋਬਾਰ ਨੂੰ ਜੁੜੇ ਲੋਕ ਇਸ ਕਿਸਾਨ ਸੰਘਰਸ਼ ਦਾ ਸਮਰਥਨ ਕਰਦੇ ਹਨ। ਨਰੇਸ਼ ਭਾਰਦਵਾਜ ਨੇ ਸਮੂੰਹ ਆੜਤੀ ਐਸੋਸਇਏਸ਼ਨ ਨੂੰ ਅਪੀਲ ਕੀਤੀ ਕਿ ਉਹ ਇਸ ਦੇ ਸਮਰਥਨ ਵਿਚ 15 ਸਤੰਬਰ ਨੂੰ ਇਸ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆਪਣਾ ਕਾਰੋਬਾਰ ਬੰਦ ਰਖਣ ਅਤੇ 12 ਤੋ 2 ਵਜੇ ਤੱਕ ਨੈਸ਼ਨਲ ਹਾਈਵੇ ਦੇ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਲ ਹੋਣ। ਇਸ ਮੌਕੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਜਗਜੀਵਨ ਖਲਵਾੜਾ ਵੀ ਮੌਜੂਦ ਸਨ।