ਫਗਵਾੜਾ (ਡਾ ਰਮਨ ) ਸਥਾਨਕ ਅਰਬਨ ਅਸਟੇਟ ਦੇ ਵਸਨੀਕ ਅਤੇ ਸਮਾਜ ਸੇਵਕ ਮੋਂਟੀ ਮਹਿਮੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨ ਬਿਲਾਂ ਨੂੰ ਲੈ ਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦਾ ਵਾਰ-ਵਾਰ ਘਿਰਾਓ ਕੀਤੇ ਜਾਣ ਨਾਲ ਅਰਬਨ ਅਸਟੇਟ ਦੇ ਵਸਨੀਕ ਪਰੇਸ਼ਾਨ ਹੋ ਰਹੇ ਹਨ। ਜਿੱਥੇ ਇਲਾਕੇ ਦੀ ਸ਼ਾਂਤੀ ਭੰਗ ਹੋ ਰਹੀ ਹੈ ਉੱਥੇ ਹੀ ਕੋਵਿਡ-19 ਦੇ ਇਸ ਮਹਾਮਾਰੀ ਕਾਲ ਵਿਚ ਲੋਕਾਂ ਦੀ ਸੁਰੱਖਿਆ ਵੀ ਖਤਰੇ ਵਿਚ ਪੈ ਰਹੀ ਹੈ। ਜਦੋਂ ਵੀ ਕੋਈ ਪ੍ਰਦਰਸ਼ਨ ਹੋਣਾ ਹੁੰਦਾ ਹੈ ਤਾਂ ਅਰਬਨ ਅਸਟੇਟ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ ਅਤੇ ਇੱਥੋਂ ਦੇ ਵਸਨੀਕਾਂ ਦਾ ਘਰ ਆਉਣਾ ਜਾਂ ਘਰੋਂ ਜਾਣਾ ਮੁਸ਼ਕਲ ਹੋ ਜਾਂਦਾ ਹੈ। ਲੋਕ ਬਹੁਤ ਜਿਆਦਾ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੂੰ ਲੱਗਦਾ ਹੈ ਕਿ ਉਹਨਾਂ ਵਲੋਂ ਬਣਾਏ ਕਾਨੂੰਨ ਕਿਸਾਨਾ ਲਈ ਸਹੀ ਹਨ ਤਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਚਾਹੀਦਾ ਹੈ ਕਿ ਕਿਸਾਨਾ ਨਾਲ ਗੱਲਬਾਤ ਕਰਕੇ ਉਹਨਾਂ ਦੇ ਖਦਸ਼ੇ ਦੂਰ ਕਰਨ। ਕੇਂਦਰੀ ਮੰਤਰੀ ਨੂੰ ਕਿਸਾਨਾ ਨਾਲ ਗੱਲ ਕਰਨੀ ਚਾਹੀਦੀ ਹੈ।