ਰੋਪੜ, 5 ਸਤੰਬਰ 2019 : ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵੱਲੋਂ ਕੁਵੈਤ ਚ ਹਿਰਾਸਤ ਲੈ ਗਏ ਨੂਰਪੁਰ ਬੇਦੀ ਨਿਵਾਸੀ ਦਰਸ਼ਨ ਸਿੰਘ ਦੇ ਮਾਮਲੇ ਚ ਕੁਵੈਤ ਸਥਿਤ ਭਾਰਤੀ ਅੰਬੈਸੀ ਦੇ ਅਫਸਰਾਂ ਸਾਹਮਣੇ ਮਾਮਲਾ ਰੱਖੇ ਜਾਣ ਤੋਂ ਬਾਅਦ ਉਸਦੀ ਘਰ ਵਾਪਸੀ ਦੀ ਉਮੀਦ ਬੰਨ੍ਹ ਗਈ ਹੈ।

ਤਿਵਾੜੀ ਨੇ ਕੁਵੈਤ ਸਥਿਤ ਭਾਰਤੀ ਅੰਬੈਸੀ ਦੇ ਅਫਸਰਾਂ ਸਾਹਮਣੇ ਦਰਸ਼ਨ ਸਿੰਘ ਨੂੰ ਹਿਰਾਸਤ ਚ ਲੈਣ ਸਬੰਧੀ ਮਾਮਲਾ ਚੁੱਕਿਆ ਹੈ। ਦਰਸ਼ਨ ਨੂੰ ਕਥਿਤ ਤੌਰ ਤੇ ਟ੍ਰੈਵਲ ਏਜੰਟ ਵੱਲੋਂ ਧੋਖਾ ਦਿੱਤਾ ਗਿਆ ਅਤੇ ਨਤੀਜਨ ਉਸਨੂੰ ਉਕਤ ਦੇਸ਼ ਚ ਹਿਰਾਸਤ ਲੈ ਲਿਆ ਗਿਆ। ਤਿਵਾੜੀ ਨੇ ਕੁਵੈਤ ਅੰਬੈਸੀ ਦੇ ਅਫਸਰਾਂ ਨਾਲ ਗੱਲ ਕੀਤੀ ਹੈ। ਜਿਨ੍ਹਾਂ ਦੱਸਿਆ ਕਿ ਅੰਬੈਸੀ ਮਾਮਲੇ ਤੋਂ ਜਾਣੂ ਹੈ ਅਤੇ ਇੱਕ ਸੀਨੀਅਰ ਅਫ਼ਸਰ ਨੇ ਦਰਸ਼ਨ ਸਿੰਘ ਨਾਲ ਹਿਰਾਸਤ ਦੌਰਾਨ ਮੁਲਾਕਾਤ ਕੀਤੀ ਹੈ।

ਦੀਵਾਲੀ ਨੇ ਦੱਸਿਆ ਕਿ ਦਰਸ਼ਨ ਜਿਸ ਕੰਪਨੀ ਚ ਕੰਮ ਕਰਦਾ ਸੀ ਅਤੇ ਉਸਨੂੰ ਸਪਾਂਸਰ ਕਰਨ ਵਾਲੇ ਵਿਅਕਤੀ ਵਿਚਾਲੇ ਕਿਸੇ ਵਿਵਾਦ ਕਾਰਨ ਹਿਰਾਸਤ ਚ ਲਿਆ ਗਿਆ ਹੈ। ਉਸ ਨੂੰ ਹਿਰਾਸਤ ਚ ਲੈਣ ਵਾਲੇ ਅਫਸਰਾਂ ਨੇ ਅੰਬੈਸੀ ਦੇ ਅਫਸਰਾਂ ਨੂੰ ਦੱਸਿਆ ਹੈ ਕਿ ਉਹ ਦਰਸ਼ਨ ਨੂੰ ਸਪਾਂਸਰ ਕਰਨ ਵਾਲੇ ਵਿਅਕਤੀਆਂ ਨੂੰ ਸੰਮਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਸਹਿਯੋਗ ਨਹੀਂ ਦੇ ਰਹੇ।

ਤਿਵਾੜੀ ਨੇ ਦੱਸਿਆ ਕਿ ਭਾਰਤੀ ਅੰਬੈਸੀ ਦੀ ਅਪੀਲ ਤੇ ਸਥਾਨਕ ਅਫ਼ਸਰਾਂ ਨੇ ਉੱਥੋਂ ਦੇ ਅੰਤਰਿਕ ਮੰਤਰਾਲੇ ਦੇ ਅਸਿਸਟੈਂਟ ਅੰਡਰ ਸੈਕਟਰੀ ਤੋਂ ਦਰਸ਼ਨ ਨੂੰ ਭਾਰਤ ਵਾਪਸ ਭੇਜਣ ਲਈ ਵਿਸ਼ੇਸ਼ ਇਜਾਜ਼ਤ ਮੰਗੀ ਹੈ। ਜਿਸ ਤੇ ਭਾਰਤੀ ਅੰਬੈਸੀ ਅੱਗੇ ਦੀ ਕਾਰਵਾਈ ਕਰ ਰਹੀ ਹੈ।