* ਸੁਮੇਧ ਸਿੰਘ ਸੈਣੀ ਨੂੰ ਧਾਰਾ 302 ਤਹਿਤ ਗਿਰਫਤਾਰ ਕਰਨ ਦੀ ਕੀਤੀ ਮੰਗ
ਫਗਵਾੜਾ (ਡਾ ਰਮਨ)

ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਖਿਲਾਫ ਸਾਲ 1991 ਵਿਚ ਅਗਵਾ ਹੋਏ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨਾਲ ਸਬੰਧਿਤ ਮਾਮਲੇ ‘ਚ ਧਾਰਾ 364 ਤਹਿਤ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਇਸ ਸਬੰਧੀ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਸਮਾਜ ਸੇਵਾ ਨਾਲ ਜੁੜੀ ਸ਼ਖਸੀਅਤ ਸਰਬਜੀਤ ਸਿੰਘ ਲੁਬਾਣਾ ਨੇ ਸੁਆਲ ਕੀਤਾ ਕਿ 29 ਸਾਲਾਂ ਬਾਅਦ ਬਲਵੰਤ ਸਿੰਘ ਮੁਲਤਾਨੀ ਅਤੇ ਉਸਦੇ ਪਰਿਵਾਰ ਨੂੰ ਕੀ ਨਿਆ ਮਿਲ ਸਕੇਗਾ? ਉਹਨਾਂ ਦੱਸਿਆ ਕਿ ਇਸ ਘਟਨਾ ਸਮੇਂ ਸੁਮੇਧ ਸੈਣੀ ਚੰਡੀਗੜ ਦਾ ਐਸਐਸਪੀ ਹੁੰਦਾ ਸੀ। ਚੰਡੀਗੜ• ਵਿਚ ਸੁਮੇਧ ਸੈਣੀ ‘ਤੇ ਖਾੜਕੂਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਪੁਲਿਸ ਨੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰ ਲਿਆ ਸੀ। ਬਲਵੰਤ ਸਿੰਘ ਮੁਲਤਾਨੀ ਦੇ ਪਰਿਵਾਰ ਨੇ ਇਨਸਾਫ ਲਈ ਲੰਬੀ ਜੱਦੋਜਹਿਦ ਕੀਤੀ ਹੈ। ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨਾਲ ਸਾਲ 2007 ਵਿਚ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਅਤੇ ਹੁਣ ਇਸ ਮਾਮਲੇ ਵਿਚ ਪੰਜਾਬ ਪੁਲਿਸ ਨੇ ਹੁਣ ਸੁਮੇਧ ਸੈਣੀ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 364, 201, 344, 330 ਅਤੇ 120ਬੀ ਅਧੀਨ ਮਾਮਲਾ ਦਰਜ ਕੀਤਾ ਹੈ। ਪਰ ਕੇਸ ਵਿਚ ਕਤਲ ਦੀ ਧਾਰਾ ਨਹੀਂ ਜੋੜੀ ਗਈ ਜੋ ਕਿ ਜੋੜੀ ਜਾਣੀ ਚਾਹੀਦੀ ਸੀ। ਉਹਨਾਂ ਮੰਗ ਕੀਤੀ ਕਿ ਸੈਣੀ ਖਿਲਾਫ ਦਰਜ ਐਫ.ਆਈ.ਆਰ. ਵਿਚ ਧਾਰਾ 302 ਦਾ ਵਾਧਾ ਕਰਕੇ ਸਾਬਕਾ ਡੀ.ਜੀ.ਪੀ. ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਤਾਂ ਜੋ ਉਹ ਆਪਣੀ ਪਹੁੰਚ ਦਾ ਇਸਤੇਮਾਲ ਕਰਕੇ ਕੇਸ ਨਾਲ ਸਬੰਧਤ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਨਾ ਕਰ ਸਕੇ।