ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲੇ ਪਟਿਆਲਾ ਦੇ ਨਾਰਾਜ਼ ਚਲ ਰਹੇ ਵਿਧਾਇਕਾਂ ਦੀ ਆਖਿਰਕਾਰ ਮੁੱਖ ਮੰਤਰੀ ਨਾਲ ਮੁਲਾਕਾਤ ਹੋ ਹੀ ਗਈ ਲੱਗਦੀ ਹੈ . । ਇਸ ਮੁਲਾਕਾਤ ਦੀ ਤਸਵੀਰ ਅੱਜ ਦੇਰ ਸ਼ਾਮ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਤਸਵੀਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿਰਫ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਹੀ ਨਜ਼ਰ ਆ ਰਹੇ ਹਨ। ਇਹਨਾਂ ਦੇ ਨਾਲ ਬਾਗੀ ਬਣੇ ਨਿਰਮਲ ਸਿੰਘ ਸ਼ੁਤਰਾਣਾ, ਜਿਹਨਾਂ ਨੇ ਮੋਤੀ ਮਹਿਲ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਸੀ, ਤਸਵੀਰ ਵਿਚ ਨਜ਼ਰ ਆ ਰਹੇ ਹਨ। ਨਾ ਹੀ ਇਹਨਾਂ ਦੇ ਚੌਥੇ ਸਾਥੀ ਸਮਾਣਾ ਦੇ ਵਿਧਾਇਕ ਕਾਕਾ ਰਾਜਿੰਦਰ ਸਿੰਘ, ਜਿਹਨਾਂ ਨੇ ਫੋਨ ਟੈਪ ਹੋਣ ਦੇ ਦੋਸ਼ ਲਗਾਏ ਸਨ, ਵੀ ਕਿਤੇ ਤਸਵੀਰ ਵਿਚ ਨਜ਼ਰ ਆ ਰਹੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਦੀ ਮੁਲਾਕਾਤ ਤੋਂ ਪਹਿਲਾਂ ਇਹਨਾਂ ਵਿਧਾਇਕਾਂ ਦੀ ਪਿਛਲੇ ਹਫਤੇ ਲੁਧਿਆਣਾ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਹੋਈ ਸੀ। ਇਹਨਾਂ ਵਿਧਾਇਕਾਂ ਨੇ ਅਫਸਰਸ਼ਾਹੀ ਵੱਲੋਂ ਰਿਸ਼ਵਤਖੋਰੀ ਕਰਨ ਸਮੇਤ ਲਗਾਏ ਹੋਰ ਇਲਜ਼ਾਮਾਂ ਦੇ ਸਬੂਤ ਮੁੱਖ ਮੰਤਰੀ ਦੇ ਸਾਹਮਣੇ ਰੱਖ ਦਿੱਤੇ ਹਨ। ਅੱਜ ਜੋ ਤਸਵੀਰ ਵਾਇਰਲ ਹੋਈ ਹੈ, ਉਹ ਚੰਡੀਗੜ ਦੀ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਖ ਦਾ ਅਪਰੇਸ਼ਨ ਹੋਣ ਤੋਂ ਬਾਅਦ ਉਹਨਾਂ ਦੀ ਸਿਹਤ ਦਾ ਹਾਲ ਚਾਲ ਪੁੱਛਣ ਗਏ ਸਨ। ਤਸਵੀਰ ਵਿਚ ਦਿਸ ਰਹੇ ਵਿਧਾਇਕਾਂ ਨਾਲ ਸੰਪਰਕ ਨਹੀਂ ਹੋ ਸਕਿਆ।