ਫਗਵਾੜਾ (ਡਾ ਰਮਨ ) ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਨੂੰ ਝੋਨਾ ਲਗਾਉਣ ਦੇ ਸੀਜਨ ਵਿੱਚ ਮੋਟਰਾਂ ਲਈ ਬਿਜਲੀ ਸਪਲਾਈ ਨਿਰਵਿਘਨ ਦੇਣ ਲਈ ਵੱਡੇ ਵੱਡੇ ਦਾਅਵੇ ਕਰਦਾ ਨਹੀਂ ਥਕਦਾ , ਜਦ ਕਿ ਅਸਲੀਅਤ ਇਹ ਹੈ ਕਿ ਜਦੋਂ ਟਰਾਂਸਫਾਰਮਰ ਜਾਂ ਤਾਰਾਂ ਵਿੱਚ ਕੋਈ ਫਾਲਟ ਪੈ ਜਾਂਦਾ ਤਾਂ ਹੈ ਤਾਂ ਵਾਰ ਵਾਰ ਫੋਨ ਕਰਨ ‘ਤੇ ਵੀ ਕੋਈ ਕਰਮਚਾਰੀ ਸਮੇਂ ਸਿਰ ਨਹੀਂ ਆਉਂਦਾ ਖਾਸ ਕਰਕੇ ਮੀਂਹ ਹਨੇਰੀ ਦੌਰਾਨ ਕਿਸਾਨਾਂ ਨੂੰ ਮਜਬੂਰਨ ਜਾਨ ਜੋਖਪਮ ਵਿੱਚ ਪਾ ਕੇ ਆਪ ਬਿਜਲੀ ਦੀ ਸਪਲਾਈ ਚਾਲੂ ਕਰਨੀ ਪੈਂਦੀ ਹੈ ।ਇਸ ਸਬੰਧੀ ਵੱਖ – ਵੱਖ ਪਿੰਡਾਂ ਦੇ ਕਿਸਾਨਾਂ ਸੰਤੋਖ ਸਿੰਘ ਲਖਪੁਰ, ਅਵਤਾਰ ਸਿੰਘ, ਚਰਨਜੀਤ ਸਿੰਘ ਲਖਪੁਰ, ਪਾਲ ਸਿੰਘ ਢੱਡਾ, ਅਮਰੀਕ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਸਤਵਿੰਦਰ ਸਿੰਘ, ਸਿਮਰਵੀਰਸਿੰਘ, ਬਲਦੇਵ ਸਿੰਘ, ਮਨਿੰਦਰ ਸਿੰਘ ਢੱਡਾ, ਦਲਵਿੰਦਰ ਸਿੰਘ, ਮਹਿੰਦਰ ਸਿੰਘ, ਸਰਬਜੀਤ ਸਿੰਘ, ਮਲਕੀਤ ਸਿੰਘ, ਨਛੱਤਰ ਸਿੰਘ, ਜਰਨੈਲ ਸਿੰਘ, ਪਰਮਿੰਦਰ ਸਿੰਘ , ਗੁਰਦੀਪ ਸਿੰਘ, ਸਤਪਾਲ ਸਿੰਘ, ਮੇਜਰ ਸਿੰਘ, ਬਲਵੀਰ ਸਿੰਘ ਅਤੇ ਗੁਰਮੇਜ ਸਿੰਘ ਨੇ ਦੱਸਿਆ ਕਿ ਮੀਂਹ ਹਨੇਰੀ ਦੌਰਾਨ ਢਿੱਲੀਆਂ ਤਾਰਾਂ ਟੁੱਟ ਜਾਂਦੀਆਂ ਜਾਂ ਦਰੱਖਤਾਂ ਦੇ ਟੁੱਟਣ ਨਾਲ ਨੁਕਸਾਨੀਆਂ ਜਾਂਦੀਆਂ ਹਨ ਤਾਂ ਮੋਟਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਹੈ, ਜਦੋਂ ਇਸ ਸੰਬੰਧੀ ਮਹਿਕਮੇ ਦੇ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਫੋਨ ਕਰਕੇ ਦੱਸਿਆ ਜਾਂਦਾ ਹੈ ਤਾਂ ਉਹ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੰਦੇ ਤੇ ਉਹਨਾਂ ਨੂੰ ਮਜਬੂਰੀ ਵੱਸ ਜਾਨ ਤਲੀ ‘ਤੇ ਰੱਖ ਕੇ ਬਿਜਲੀ ਦੀ ਸਪਲਾਈ ਨੂੰ ਚਾਲੂ ਕਰਨਾ ਪੈਂਦਾ ਹੈ ।ਉਹਨਾਂ ਦੱਸਿਆ ਕਿ ਝੋਨੇ ਦੀ ਲਵਾਈ ਦਾ ਸੀਜਨ ਹੋਣ ਕਾਰਨ ਖੇਤਾਂ ਵਿੱਚ ਪਾਣੀ ਦੀ ਜਿਆਦਾ ਲੋੜ ਪੈਂਦੀ ਹੈ ਲੇਕਿਨ ਇਸ ਮੌਕੇ ਜੇਕਰ ਸਮੇਂ ਸਿਰ ਬਿਜਲੀ ਦੀ ਸਪਲਾਈ ਨਿਰਵਿਘਨ ਨਹੀਂ ਹੁੰਦੀ ਹੈ ਤਾਂ ਉਹਨਾਂ ਨੂੰ ਮਜਬੂਰਨ ਆਰਥਿਕ ਤੰਗੀ ਦੇ ਚੱਲਦਿਆਂ ਮਹਿੰਗੇ ਭਾਅ ਦਾ ਡੀਜ਼ਲ ਖਰੀਦ ਕੇ ਜਨਰੇਟਰ ਨਾਲ ਝੋਨੇ ਨੂੰ ਪਾਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਉਹਨਾਂ ਨੇ ਪੰਜਾਬ ਰਾਜ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਖੇਤਾਂ ਵਿੱਚੋ ਦੀ ਲੰਘਦੀਆਂ ਦੀਆਂ ਢਿੱਲੀਆਂ ਤੇ ਨੀਵੀਆਂ ਤਾਰਾਂ ਅਤੇ ਟੇਢੇ ਹੋਏ ਬਿਜਲੀ ਦੇ ਖੰਭਿਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਕਿਸੇ ਭਿਆਨਕ ਹਾਦਸੇ ਨੂੰ ਟਾਲਿਆ ਜਾ ਸਕੇ ਅਤੇ ਬਿਜਲੀ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮਿਲ ਸਕੇ ।