ਬਿਊਰੋ ਰਿਪੋਰਟ –

ਪੰਜਾਬ ਵਿਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਦੇ ਚੌਥੇ ਦਿਨ ਅੱਜ ਆੜ੍ਹਤੀਆਂ ਵੱਲੋਂ ਜਿਣਸ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤੇ ਵਿਚ ਕਰਨ ਦੇ ਫੈਸਲੇ ਖਿਲਾਫ ਸੂਬੇ ਭਰ ਵਿਚ ਹੜਤਾਲ ਕੀਤੀ ਗਈ। ਆੜ੍ਹਤੀ ਐਸੋਸੀਏਸ਼ਨਾਂ ਦੇ ਬੈਨਰ ਹੇਠ ਆੜ੍ਹਤੀਆਂ ਨੇ ਵੱਖ ਵੱਖ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰ ਦਫਤਰਾਂ ਦਾ ਘਿਰਾਓ ਕੀਤਾ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਆੜ੍ਹਤੀਆਂ ਮੁਤਾਬਕ ਕੇਂਦਰ ਸਰਕਾਰ ਦੀਆਂ ਕੇਂਦਰੀ ਗ੍ਰਾਂਟਾ ਤੇ ਸਬਸਿਡੀਆਂ ਦਾ ਸਿੱਧਾ ਲਾਭ ਪਹੁੰਚਾਉਣ ਲਈ ਇਕ ਪੀ. ਐਫ. ਐਮ. ਐਸ. ਪੋਰਟਲ ਬਣਾਇਆ ਗਿਆ ਸੀ, ਜਿਸ ਵਿਚ ਹੁਣ ਭਾਰਤੀ ਖੁਰਾਕ ਨਿਗਮ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਕਿਸਾਨਾਂ ਦੀ ਫਸਲ ਨੂੰ ਵੀ ਜੋੜਨ ਲਈ ਪੰਜਾਬ ਸਰਕਾਰ ਨੂੰ ਕਿਹਾ ਗਿਆ ਹੈ ਅਤੇ ਉਸ ਲਈ ਆੜ੍ਹਤੀਆਂ ਤੋਂ ਕਿਸਾਨਾਂ ਦੇ ਬੈਂਕ ਖਾਤੇ ਮੰਗੇ ਗਏ ਹਨ।

ਪਟਿਆਲਾ : ਜਿਲ੍ਹੇ ਭਰ ਦੇ ਆੜ੍ਹਤੀਆਂ ਨੇ ਜਿਲਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਅਤੇ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਦਾ ਘਿਰਾਉ ਕੀਤਾ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਆੜ੍ਹਤੀਆਂ ਦੇ ਇੱਕ ਵਫਦ ਨੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੂੰ ਸਾਰੀ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਾ ਇੱਕ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਆੜ੍ਹਤੀ ਆਗੂਆਂ ਨੇ ਐਲਾਨ ਕੀਤਾ ਕਿ ਭਲਕੇ ਤੋਂ ਝੋਨੇ ਨਾਲ ਨਾਲ ਬਾਕੀ ਫਸਲਾਂ ਦੀ ਖਰੀਦ ਦਾ ਵੀ ਬਾਈਕਾਟ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਦੇ ਬਿਨ੍ਹਾਂ ਸਿਰ ਪੈਰ ਵਾਲੇ ਫੈਸਲੇ ਕਰਨਾ ਸਮਝ ਤੋਂ ਪਰੇ ਨਜ਼ਰ ਆ ਰਿਹਾ ਹੈ।

ਫਤਿਹਗੜ੍ਹ ਸਾਹਿਬ : ਆੜ੍ਹਤੀ ਐਸੋਸੀਏਸ਼ਨ ਵੱਲੋਂ ਸਰਕਾਰੀ ਖ਼ਰੀਦ ਦੇ ਬਾਈਕਾਟ ਦੇ ਸੱਦੇ ਅਤੇ ਆੜ੍ਹਤੀਆਂ ਦੀ ਆੜਤ ਰੋਕਣ ਦੇ ਫੈਸਲੇ ਵਿਰੁੱਧ ਦਿੱਤੇ ਧਰਨੇ ਵਿੱਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 5 ਅਕਤੂਬਰ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਮੁਕੰਮਲ ਬੰਦ ਕੀਤਾ ਜਾਵੇਗਾ। ਬਾਸਪਤੀ ਝੋਨਾ ਅਤੇ ਬਾਕੀ ਫਸਲਾਂ ਨਹੀਂ ਵੇਚੀਆਂ ਜਾਣਗੀਆਂ। ਪੰਜਾਬ ਦੀਆਂ ਚਾਰੋ ਜ਼ਿਮਨੀ ਚੋਣ ਹਲਕਿਆਂ ਵਿੱਚ ਪੰਜ ਪੰਜ ਜ਼ਿਲ੍ਹਿਆਂ ਤੋਂ ਆੜ੍ਹਤੀ ਇਕੱਠੇ ਹੋਕੇ ਸਰਕਾਰੀ ਧਿਰ ਨਾਲ ਸਬੰਧਿਤ ਇਚਾਰਜ ਮੰਤਰੀ ਸ਼ਹਿਬਾਨਾ ਨੂੰ ਮੰਗ ਪੱਤਰ ਦਿੱਤੇ ਜਾਣਗੇ। ਚਾਰੋਂ ਥਾਵਾਂ ਦੇ ਉੱਤੇ ਅਲੱਗ-ਅਲੱਗ ਕਮੇਟੀਆਂ ਬਣਾਈਆਂ ਗਈਆਂ ਹਨ। ਜੋ ਹਲਕਾ ਜਲਾਲਾਬਾਦ, ਮੁੱਲਾਂਪੁਰ ਦਾਖਾ, ਫਗਵਾੜਾ ਅਤੇ ਮੁਕੇਰੀਆਂ ਹਲਕੇ ਨਾਲ ਸਬੰਧਤ ਵਜ਼ੀਰਾਂ ਨੂੰ ਮੰਗ ਪੱਤਰ ਦੇਣਗੇ। ਅੱਜ ਦੀ ਮੀਟਿੰਗ ਵਿੱਚ ਰਾਈਸ ਮਿੱਲਰ ਭਰਾਵਾਂ ਨਾਲ ਵੀ ਹਮਦਰਦੀ ਪ੍ਰਗਟ ਕਰਦਿਆਂ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ੈਲਰ ਮਾਲਕਾਂ ਦੀ ਪੰਜ ਲੱਖ ਸਕਿਓਰਿਟੀ ਦਾ ਵੀ ਮਸਲਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਸ਼ੇਰੂ, ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ, ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਲਖਵੀਰ ਸਿੰਘ ਸੌਂਢਾ, ਮੰਡੀ ਪ੍ਰਧਾਨ ਭੁਪਿੰਦਰ ਸਿੰਘ ਬਾੜਾ, ਹਰਜੀਤ ਸਿੰਘ ਚੀਮਾ, ਸੂਬਾ ਸਕੱਤਰ ਰਾਜੀਵ ਕੁਮਾਰ ਮਲਹੋਤਰਾ, ਸੂਬਾ ਸਕੱਤਰ ਕੁਲਦੀਪ ਸਿੰਘ ਭੈਣੀ, ਸੂਬਾ ਜੁਆਇੰਟ ਸਕੱਤਰ ਸ਼ਿਵਪਾਲ ਛਾਹੜ, ਜ਼ਿਲ੍ਹਾ ਹੀਰਾ ਲਾਲ ਬੱਸੀ ਪਠਾਣਾ, ਲਖਵੀਰ ਸਿੰਘ ਥਾਬਲਾ ਆਦਿ ਹਾਜਰ ਸਨ।