ਬਿਊਰੋ ਰਿਪੋਰਟ –

ਪੰਜਾਬ ਵਿਚ ਹੁਣ ਕਿਸਾਨ ਆਪਣੀ ਕਪਾਹ ਦੀ ਫਸਲ ਸਿੱਧਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀ.ਸੀ.ਆਈ) ਨੂੰ ਵੇਚ ਸਕਣਗੇ। ਸੀ.ਸੀ.ਆਈ ਨੇ ਕਿਸਾਨਾਂ ਤੋਂ ਕਪਾਹ ਖਰੀਦਣ ਵਾਸਤੇ ਮੰਡੀਆਂ ਦੀ ਥਾਂ ਬਿਨੌਲਾ ਫੈਕਟਰੀਆਂ (ਗਿਨਿੰਗ ਫੈਕਟਰੀ) ਦੀ ਚੋਣ ਕੀਤੀ ਹੈ ਅਤੇ ਇਸਨੇ 40 ਅਜਿਹੀਆਂ ਫੈਕਟਰੀਆਂ ਵਿਚ ਆਪਣੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ ਜੋ ਕਿਸਾਨਾਂ ਤੋਂ ਸਰਕਾਰ ਵੱਲੋਂ ਤੈਅ 5450 ਰੁਪਏ ਪ੍ਰਤੀ ਕੁਇੰਟਨ ਦੀ ਦਰ ‘ਤੇ ਕਪਾਹ ਦੀ ਖਰੀਦ ਕਰਨਗੇ।

ਪੰਜਾਬ ਦੇ ਖੇਤੀਬਾੜੀ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪੰਜਾਬ ਵਿਚ ਇਸ ਵਾਰ ਕਪਾਹ ਦੀ ਫਸਲ ਬਹੁਤ ਵਧੀਆ ਹੈ। ਜਿਥੇ ਪਿਛਲੀ ਵਾਰ ਦੇ 3 ਲੱਖ ਹੈਕਟੇਅਰ ਦੇ ਮੁਕਾਬਲੇ ਐਤਕੀਂ ਕਪਾਹ ਹੇਠਲਾ ਰਕਬਾ ਵੱਧ ਕੇ 4 ਲੱਖ ਹੈਕਟੇਅਰ ਹੋਇਆ ਹੈ, ਉਥੇ ਹੀ ਇਸ ਵਾਰ ਫਸਲ ਨੂੰ ਨਾ ਕੀੜਾ ਪਿਆ ਤੇ ਨਾ ਹੀ ਕੋਈ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪਿਆ ਹੈ ਜਿਸਦੀ ਬਦੌਲਤ ਬੰਪਰ ਫਸਲ ਹੋਈ ਹੈ। ਉਹਨਾਂ ਦੱਸਿਆ ਕਿ ਲੰਬੇ ਅਰਸੇ ਮਗਰੋਂ ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਫਸਲ ਦਾ ਚੋਖਾ ਮੁੱਲ ਮਿਲੇਗਾ।

ਕਿਸਾਨਾਂ ਤੋਂ ਸਿੱਧੀ ਖਰੀਦ ਕਾਰਨ ਆੜ੍ਹਤੀਆਂ ਨੂੰ ਆਪਣੀ ਢਾਈ ਫੀਸਦੀ ਕਮਿਸ਼ਨ ਤੋਂ ਹੱਥ ਧੋਣਾ ਪਵੇਗਾ। ਉਂਝ ਵੀ ਆੜ੍ਹਤੀਏ ਤੈਅਸ਼ੁਦਾ 5450 ਰੁਪਏ ਦੀ ਕੀਮਤ ਦੇਣ ਦੀ ਥਾਂ 4900 ਤੋਂ 5100 ਰੁਪਏ ਪ੍ਰਤੀ ਕੁਇੰਟਨ ਦਾ ਭਾਅ ਕਿਸਾਨਾਂ ਨੂੰ ਦਿੰਦੇ ਹਨ। ਸੀ ਸੀ ਆਈ ਵੱਲੋਂ ਸਿੱਧੀ ਖਰੀਦ ਕਰਨ ਦਾ ਇਹ ਦੂਜਾ ਸਾਲ ਹੈ। ਪਿਛਲੇ ਸਾਲ ਇਸ ਵੱਲੋਂ ਸਿੱਧੀ ਖਰੀਦ ਸ਼ੁਰੂ ਕੀਤੀ ਗਈ ਸੀ। ਉਂਝ ਕਿਸੇ ਵੀ ਜਿਣਸ ਦੀ ਸਿੱਧੀ ਖਰੀਦ ਦਾ ਇਹ ਪਹਿਲਾ ਕੇਸ ਹੈ। ਸਿੱਧੀ ਖਰੀਦ ਦਾ ਆੜ੍ਹਤੀ ਵਰਗ ਡੱਟਵਾ ਵਿਰੋਧ ਕਰ ਰਿਹਾ ਹੈ ਪਰ ਕਿਸਾਨ ਜਥੇਬੰਦੀਆਂ ਵੱਲੋਂ ਸਿੱਧੀ ਖਰੀਦ ਦੀ ਹਮਾਇਤ ਕੀਤੀ ਜਾ ਰਹੀ ਹੈ।
ਸਤੰਬਰ ਦੇ ਅਖੀਰਲੇ ਹਫਤੇ ਤੋਂ ਕਪਾਹ ਦੀ ਫਸਲ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੀਵਾਲੀ ਦੇ ਨੇੜੇ ਤੱਕ ਤੱਕ ਤਕਰੀਬਨ 12 ਲੱਖ ਗੰਢਾ ਕਪਾਹ ਮੰਡੀ ਵਿਚ ਆ ਜਾਵੇਗੀ ਤੇ ਇਸ ਵਾਰ ਕੁੱਲ 50 ਲੱਖ ਗੰਢਾਂ ਤੋਂ ਵੱਧ ਫਸਲ ਹੋਵੇਗੀ।