ਰਾਜਸਥਾਨ ਦੇ ਸਰਹੱਦੀ ਖੇਤਰਾਂ ਵਿੱਚ ਟਿੱਡੀ ਦਲ ਦਾ ਹਮਲਾ ਹੋਣ ਤੋਂ ਬਾਅਦ ਪੰਜਾਬ ਦੇ ਪੰਜ ਜ਼ਿਲ੍ਹਿਆਂ ਅੰਦਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।
ਖੇਤੀਬਾੜੀ ਵਿਭਾਗ ਵੱਲੋਂ ਬਲਾਕ ਪੱਧਰ ਤੇ ਟੀਮਾਂ ਦਾ ਗਠਨ ਕਰ ਕੇ ਪਿੰਡਾਂ ਅੰਦਰ ਕਿਸਾਨਾਂ ਨੂੰ ਇਸ ਖਤਰਨਾਕ ਜੀਵ ਸਬੰਧੀ ਜਾਣੂ ਕਰਵਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ।
ਪ੍ਰਾਪਤ ਸੂਚਨਾਵਾਂ ਅਨੁਸਾਰ ਰਾਜਸਥਾਨ ਦੇ ਅਨੂਪਗੜ੍ਹ ਅਤੇ ਹੋਰਨਾਂ ਜ਼ਿਲ੍ਹਿਆਂ ਅੰਦਰ ਇਸ ਜੀਵ ਨੇ ਫ਼ਸਲਾਂ ਅਤੇ ਹੋਰ ਬਨਸਪਤੀ ਉਪਰ ਹਮਲਾ ਕੀਤਾ ।
ਕਿਸਾਨਾਂ ਵੱਲੋਂ ਥਾਲੀਆਂ ਖੜਕਾ ਕੇ ਇਸ ਨੂੰ ਭਜਾਉਣ ਤੋਂ ਇਲਾਵਾ ਕੀਟਨਾਸ਼ਕਾਂ ਦੀ ਵਰਤੋਂ ਵੀ ਕੀਤੀ ਗਈ ਹੈ ।
ਗੰਗਾਨਗਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਹ ਜੀਵ ਦਾ ਰੁੱਖ ਬੀਕਾਨੇਰ ਵੱਲ ਹੋ ਗਿਆ ਹੈ ।
ਪੰਜਾਬ ਅੰਦਰ ਚਾਹੇ ਟਿੱਡੀ ਦਲ ਅਜੇ ਤੱਕ ਦਿਖਾਈ ਨਹੀਂ ਦਿੱਤਾ ਪਰ ਫਿਰ ਵੀ ਚੌਕਸੀ ਵਜੋਂ ਜ਼ਿਲ੍ਹਾ ਫਾਜ਼ਿਲਕਾ , ਫਿਰੋਜ਼ਪੁਰ , ਮੁਕਤਸਰ , ਬਠਿੰਡਾ , ਮਾਨਸਾ ਅੰਦਰ ਖੇਤੀਬਾੜੀ ਵਿਭਾਗ ਨੂੰ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ ।
ਖੇਤੀਬਾੜੀ ਵਿਭਾਗ ਵੱਲੋਂ ਗਠਿਤ ਕੀਤੀਆਂ ਗਈਆਂ ਟੀਮਾਂ ਪਿੰਡਾਂ ਅੰਦਰ ਗੁਰਦੁਆਰਿਆਂ ਤੋਂ ਅਨਾਉਸਮੈਂਟ ਕਰਵਾ ਕੇ ਕਿਸਾਨਾਂ ਨੂੰ ਚੌਕਸ ਰਹਿਣ ਲਈ ਪ੍ਰੇਰਿਤ ਕਰਨਗੀਆਂ ।

ਟਿੱਡੀ ਦਲ ਸਬੰਧੀ ਬਾਬੂਸ਼ਾਹੀ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਜੀਵ ਝੂੰਡ ਦੇ ਰੂਪ ਵਿੱਚ ਹਮਲਾ ਕਰਦਾ ਹੈ ।
ਇਹ ਜਿਸ ਵੀ ਹਰਿਆਲੀ ਵਾਲੇ ਫ਼ਸਲ ਜਾਂ ਰੁੱਖ ਉੱਪਰ ਬੈਠ ਜਾਂਦਾ ਹੈ ਉਸ ਨੂੰ ਚੱਟ ਕਰ ਜਾਂਦਾ ਹੈ ।
ਫ਼ਸਲ ਜਾਂ ਰੁੱਖ ਚਾਹੇ ਮਿੱਠਾ ਹੋਵੇ ਜਾਂ ਕੌੜਾ ਇਹ ਕਿਸੇ ਵੀ ਬਨਸਪਤੀ ਨੂੰ ਨਹੀਂ ਛੱਡਦਾ ।
ਇਸ ਦੇ ਜੀਵਨ ਦੀਆਂ 6 ਅਵਸਥਾਵਾਂ ( ਸਟੈੱਪ )ਹੁੰਦੇ ਹਨ ।
ਆਂਡੇ ਵਿੱਚੋਂ ਜਨਮੀ ਟਿੱਡੀ ਦੇ ਪਹਿਲਾਂ ਖੰਭ ਨਹੀਂ ਹੁੰਦੇ ਉਸ ਨੂੰ ਹਾਪਰ ਕਿਹਾ ਜਾਂਦਾ ਹੈ ।
ਸਭ ਤੋਂ ਖਤਰਨਾਕ ਅਵਸਥਾ ਇਸ ਦੀ ਪੰਜਵੇਂ ਸਟੈੱਪ ਵੀ ਮੰਨੀ ਗਈ ਹੈ ।
ਇਸ ਸਥਿਤੀ ਵਿੱਚ ਟਿੱਡੀ ਅਡਲਟ ਹੋ ਜਾਂਦੀ ਹੈ ਤੇ ਆਂਡੇ ਦੇਣ ਅਤੇ ਫਸਲਾਂ ਨੂੰ ਹਜ਼ਮ ਕਰਨ ਦੇ ਯੋਗ ਹੋ ਜਾਂਦੀ ਹੈ ।
ਟਿੱਡੀ ਦਲ ਜਿੱਥੇ ਵੀ ਰਾਤ ਨੂੰ ਰੁਕਦਾ ਹੈ ਉੱਥੇ ਅੰਡੇ ਦੇ ਜਾਂਦਾ ਹੈ ।
10 ਤੋਂ 70 ਦਿਨਾਂ ਅੰਦਰ ਇਹ ਅਨੁਕੂਲ ਵਾਤਾਵਰਨ ਅਤੇ ਨਮੀ ਮਿਲਣ ਤੇ ਆਂਡਿਆਂ ਵਿੱਚੋਂ ਬੱਚੇ ਪੈਦਾ ਹੁੰਦੇ ਹਨ ।
ਟਿੱਡੀ ਦਲ ਵਿੱਚ ਵਾਧਾ ਬਰਸਾਤੀ ਮੌਸਮ ਦੌਰਾਨ ਹੁੰਦਾ ਹੈ ।
ਇਹ ਟਿੱਡੀ ਦਲ ਇੱਕ ਸਥਾਨ ਤੋਂ ਫ਼ਸਲ ਨੂੰ ਖਤਮ ਕਰਨ , ਅੰਡੇ ਦੇਣ ਤੋਂ ਬਾਅਦ ਨਵੀਆਂ ਥਾਵਾਂ ਵੱਲ ਵਧ ਜਾਂਦਾ ਹੈ ।
ਇੱਕ ਮਾਦਾ ਟਿੱਡੀ 30 ਆਂਡੇ ਦੇ ਜਾਂਦੀ ਹੈ ।
ਟਿੱਡੀ ਰੇਗਿਸਤਾਨ ਵਿੱਚ ਪਲਦੀ ਹੈ ਅਤੇ ਫਿਰ ਹਰਿਆਲੀ ਵਾਲੇ ਖੇਤਰਾਂ ਦਾ ਰੁਖ਼ ਕਰ ਲੈਂਦੀ ਹੈ ।
ਬਲਾਕ ਖੇਤੀਬਾੜੀ ਅਧਿਕਾਰੀ ਫਾਜ਼ਿਲਕਾ ਗੁਰਮੀਤ ਸਿੰਘ ਚੀਮਾ ਇਸ ਸਬੰਧੀ ਦੱਸਦੇ ਹਨ ਕਿ ਕਿਸਾਨਾਂ ਨੂੰ ਆਪਣੇ ਸਪਰੇਅ ਵਾਲੇ ਪੰਪ ਠੀਕ ਕਰਾ ਕੇ ਰੱਖਣ ਲਈ ਕਿਹਾ ਗਿਆ ਹੈ ।
ਟਰੈਕਟਰ ਵਾਲੇ ਸੁਪਰੇਅ ਸਾਧਨ ਇਸ ਦੇ ਖਾਤਮੇ ਲਈ ਵਧੇਰੇ ਕਾਰਗਰ ਸਾਬਤ ਹੁੰਦੇ ਹਨ ।

ਇਸ ਸਬੰਧੀ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਮਨਪ੍ਰੀਤ ਸਿੰਘ ਛਤਵਾਲ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਸਥਿਤੀ ਤੇ ਫਸਲਾਂ ਦਾ ਬਚਾਅ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ ।
ਖੇਤੀਬਾੜੀ ਅਧਿਕਾਰੀ ਪਿੰਡਾਂ ਅੰਦਰ ਦੌਰਾ ਕਰਕੇ ਹਰ ਰੋਜ਼ ਰਿਪੋਰਟ ਕਰਨਗੇ ।
ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਜੀਵ ਅੱਕ ਦੇ ਟਿੱਡੇ ਜਿੱਡਾ ਹੁੰਦਾ ਹੈ ।
ਇਸ ਦਾ ਰੰਗ ਭੂਰਾ ਹੁੰਦਾ ਹੈ ਅਤੇ ਕਈ ਵਾਰ ਇਸ ਦਾ ਰੰਗ ਹਰਾ ਵੀ ਹੋ ਸਕਦਾ ।
ਕਿਸਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਦੋਂ ਵੀ ਕਿਧਰੇ ਉਨ੍ਹਾਂ ਨੂੰ ਇਸ ਦੀ ਹਰਕਤ ਦਿਖਾਈ ਦਿੰਦੀ ਹੈ ਤਾਂ ਉਹ ਤੁਰੰਤ ਖੇਤੀਬਾੜੀ ਵਿਭਾਗ ਅਤੇ ਹੋਰ ਸਿਵਲ ਅਧਿਕਾਰੀਆਂ ਨੂੰ ਜਾਣਕਾਰੀ ਦੇਣ ।
ਇਸ ਦੇ ਨਾਲ ਹੀ 10 ਕੀਟਨਾਸ਼ਕਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕੋਈ ਵੀ ਪੈਸਟੀਸਾਈਡਜ਼ ਦੀ ਵਰਤੋਂ ਕਰ ਕੇ ਟਿੱਡੀ ਦਲ ਨੂੰ ਮਾਰਿਆ ਜਾ ਸਕਦਾ ਹੈ ।