ਪੰਜਾਬ ਦੇ ਸਿਆਸਤ ਦੇ ਘਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਮੌਕੇ ਨਾ ਆਉਣਾ ਵੀ ਆਪਣੇ ਆਪ ਚ ਇਕ ਅਹਿਮ ਖਬਰ ਹੈ .
ਸਿਆਸੀ ਹਲਕਿਆਂ ਵਿਚ ਇਸ ਗੱਲ ਦੀ ਚਰਚਾ ਛਿੜ ਗਈ ਹੈ ਕਿ ਆਖਿਰਕਾਰ ਵੱਡੇ ਬਾਦਲ ਪਾਰਟੀ ਦੇ ਡੈਲੀਗੇਟ ਸੈਸ਼ਨ ਦੀ ਸਰਪ੍ਰਸਤੀ ਕਰਨ ਕਿਉਂ ਨਹੀਂ ਆਏ ? ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਡੈਲੀਗੇਟ ਇਜਲਾਸ ਵਿਚ ਇਹ ਦਲੀਲ ਦਿੱਤੀ ਗਈ ਕਿ ਵੱਡੇ ਬਾਦਲ ਦੀ ਸਿਹਤ ਠੀਕ ਨਹੀਂ ਹੈ ਪਰ ਬਾਬੂਸ਼ਾਹੀ ਦੀ ਤਿਰਛੀ ਨਜ਼ਰ ਵਿਚ ਘਟਨਾਕ੍ਰਮ ਵਿਸ਼ੇਸ਼ਲੇਸ਼ਣ ਮੰਗਦਾ ਹੈ।
ਬਾਬੂਸ਼ਾਹੀ ਦੀ ਰਿਪੋਰਟ ਅਨੁਸਾਰ ਵੱਡੇ ਬਾਦਲ ਦੇ ਨਾ ਆਉਣ ਦਾ ਕਾਰਨ ਸਿਰਫ ਸਿਹਤ ਨਹੀਂ ਸੀ . ਸੜਭਾਵਨਾ ਇਹ ਹੈ ਕਿ ਸਰਪ੍ਰਸਤ ਹੁੰਦੇ ਹੋਏ ਵੀ ਉਹਨਾਂ ਸੋਚ ਸਮਝ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਇਸ ਚੋਣ ਤੋਂ ਦੂਰੀ ਬਣਾਈ। ਹਾਲਾਂਕਿ ਇਕ ਵੱਡਾ ਵਰਗ ਇਸ ਗੱਲ ਨਾਲ ਸਹਿਮਤ ਨਹੀਂ ਹੋਵੇਗਾ ਕਿ ਉਹਨਾਂ ਨੇ ਆਪਣੇ ਪੁੱਤਰ ਦੀ ਚੋਣ ਵੇਲੇ ਹੀ ਦੂਰੀ ਕਿਵੇਂ ਬਣਾਈ ਪਰ ਜੋ ਲੋਕ ਪੰਜਾਬ ਦੀ ਰਾਜਨੀਤੀ, ਪਿਛੋਕੜ ਤੇ ਇਤਿਹਾਸ ਤੋਂ ਜਾਣੂ ਹਨ, ਉਹ ਭਲੀ ਭਾਂਤ ਜਾਣਦੇ ਹਨ ਕਿ ਵੱਡੇ ਬਾਦਲ ਨੇ ਆਪਣੇ ਸਿਆਸੀ ਵਿਰੋਧੀਆਂ ਨਾਲ ਸਮਝੌਤੇ ਦੇ ਦਰ ਤੇ ਖਿੜਕੀਆਂ ਹਮੇਸ਼ਾ ਖੁਲੇ ਛੱਡੇ ਹਨ। ਅੱਜ ਵੀ ਅਜਿਹਾ ਹੀ ਕੁਝ ਵਾਪਰਿਆ ਹੈ।
ਅੱਜ ਜਿਥੇ ਇਕ ਪਾਸੇ ਪ੍ਰਧਾਨਗੀ ਦੀ ਚੋਣ ਹੋ ਰਹੀ ਸੀ, ਉਸੇ ਬਰਾਬਰ ਹੀ ਬਾਗੀ ਅਕਾਲੀਆਂ ਦਾ ਪ੍ਰੋਗਰਾਮ ਵੀ ਚਲ ਰਿਹਾ ਸੀ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਜਦੋਂ ਤੋਂ ਇਹ ਬਾਗੀ ਅਕਾਲੀ ਯਾਨੀ ਟਕਸਾਲੀ ਅਕਾਲੀ ਦਲ ਪੈਦਾ ਹੋਇਆ ਹੈ, ਉਦੋਂ ਤੋਂ ਕਿਸੇ ਨੇ ਵੀ ਕਦੇ ਵੱਡੇ ਬਾਦਲ ਦੇ ਖਿਲਾਫ ਕੁਝ ਨਹੀਂ ਆਖਿਆ ਤੇ ਇਸੇ ਤਰ•ਾਂ ਵੱਡੇ ਬਾਦਲ ਨੇ ਵੀ ਇਸ ਵਰਗ ਵਿਸ਼ੇਸ਼ ਪ੍ਰਤੀ ਕੁਝ ਨਹੀਂ ਆਖਿਆ।
ਸਾਡੇ ਮੁਤਾਬਕ ਅੱਜ ਦਾ ਘਟਨਾਕ੍ਰਮ ਪੰਜਾਬ ਦੀ ਰਾਜਨੀਤੀ ਤੇ ਘਟਨਾਕ੍ਰਮ ਦੇ ਪੱਖੋਂ ਬਹੁਤ ਵੱਡਾ ਹੈ ਤੇ ਵੱਡੇ ਬਾਦਲ ਦੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਵਿਚ ਗੈਰ ਹਾਜ਼ਰੀ ਨੂੰ ਵੱਡੇ ਸੰਦਰਭ ਵਿਚ ਵੇਖਣ ਦੀ ਜ਼ਰੂਰਤ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਵੱਡੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਵਿਚ ਹਿੱਸਾ ਹੀ ਨਾ ਲਿਆ ਹੋਵੇ। ਉਹਨਾਂ ਦੇ ਨਾ ਆਉਣ ਦੇ ਸਿਆਸੀ ਅਰਥ ਹਨ ਜਿਸਨੂੰ ਸਿਆਸੀ ਮਾਹਿਰ ਭਲੀ ਭਾਂਤ ਸਮਝਦੇ ਹਨ। ਇਤਿਹਾਸ ਗਵਾਹ ਹੈ ਕਿ ਵੱਡੇ ਬਾਦਲ ਨੇ ਹਮੇਸ਼ਾ ਆਪਣੇ ਵਿਰੋਧੀਆਂ ਨਾਲ ਸਮਝੌਤੇ ਦੇ ਰਾਹ ਖੁਲੇ ਛੱਡੇ ਹਨ। ਇਸ ਵਾਰ ਵੀ ਕੁਝ ਅਜਿਹੀ ਹੀ ਵਾਪਰਿਆ ਹੈ।
ਬਾਬੂਸ਼ਾਹੀ ਦੀ ਰਿਪੋਰਟ ਮੁਤਾਬਕ ਭਾਵੇਂ ਕਿ ਮੰਚ ਤੋਂ ਵੱਡੇ ਬਾਦਲ ਦਾ ਸੰਦੇਸ਼ ਪੜਿਆ ਗਿਆ ਹੋਵੇ ਜਾਂ ਫਿਰ ਵੱਡੇ ਬਾਦਲ ਦੇ ਹੱਕ ਵਿਚ ਨਾਅਰੇਬਾਜੀ ਕੀਤੀ ਗਈ ਹੋਵੇ, ਵੱਡੇ ਬਾਦਲ ਨੇ ਇਸ ਸਾਰੇ ਘਟਨਾਕ੍ਰਮ ਤੋਂ ਦੂਰੀ ਬਣਾ ਕੇ ਰੱਖੀ ਹੈ। ਕੀ ਵੱਡੇ ਬਾਦਲ ਨੇ ਆਪਣੇ ਮੌਜੂਦਾ ਵਿਰੋਧੀਆਂ ਨਾਲ ਸਮਝੌਤੇ ਦੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਣ ਵਾਸਤੇ ਹੀ ਅੱਜ ਦੇ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਤੋਂ ਦੂਰੀ ਬਣਾਈ ? ਜਾਂ ਉਹਨਾਂ ਦੇ ਮਨ ਚ ਕੋਈ ਹੋਰ ਸਕੀਮ ਹੈ ? ਇਹ ਕਹਿਣਾ ਅਜੇ ਮੁਸ਼ਕਲ ਹੈ ਕਿਉਂਕਿ ਬਾਦਲ ਦੇ ਢਿੱਡ ਦਾ ਭੇਤ ਪਾਉਣਾ ਬੇਹੱਦ ਔਖਾ ਹੁੰਦਾ ਹੈ.
ਬਾਦਲ ਦੀ ਗੈਰ ਹਾਜ਼ਰੀ ਦਾ ਇਹ ਅਰਥ ਵੀ ਹੋਸਕਦਾ ਹੈ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜੋ ਕੁਝ ਵੀ ਸੋਚ, ਵਿਚਾਰ ਜਾਂ ਕਰ ਰਹੀ ਹੈ, ਉਸ ਨਾਲ ਵੱਡੇ ਬਾਦਲ ਹਰ ਮਾਮਲੇ ਵਿਚ ਪੂਰੀ ਤਰਾਂ ਸਹਿਮਤ ਨਾ ਹੋਣ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਹੁਣ ਦਲ ਦੀ ਵਾਗਡੋਰ ਮੁਕੰਮਲ ਰੂਪ ਚ ਸੁਖਬੀਰ ਹੱਥ ਫੜਾ ਕੇ ਸਰਗਰਮ ਸਿਆਸਤ ਤੋਂ ਲਾਂਭੇ ਹੋ ਰਹੇ ਹੋਣ .