ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ ਮਲਸੀਆਂ,ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਅਤੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਨੇੇ ਕਾਰ ਅਤੇ ਟਰੱਕ ’ਚੋਂ 2 ਕੁਇੰਟਲ 25 ਕਿਲੋਗ੍ਰਾਮ ਡੋਡੇ ਚੂਰਾ-ਪੋਸਤ ਬਰਾਮਦ ਕਰਕੇ 3 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ। ਡੀ.ਐੱਸ.ਪੀ. ਵਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਡਲ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਵੱਲੋਂ ਪੁਲਿਸ ਪਾਰਟੀ ਸਮੇਤ ਨਜ਼ਦੀਕ ਪੁੱਲ ਸਲੈਚਾਂ ਤੋਂ ਇੱਕ ਸਵਿੱਫਟ ਕਾਰ ਨੰਬਰ-ਪੀ.ਬੀ.-08-ਈ.ਜੀ.-1157 ਨੂੰ ਸ਼ੱਕੀ ਹਾਲਤ ਵਿੱਚ ਰੋਕਿਆ, ਜਿਸ ਵਿੱਚ ਦੋ ਨੌਜਵਾਨ ਕਾਰ ਚਾਲਕ ਮਲਕੀਤ ਸਿੰਘ ਉਰਫ ਕਾਕਾ ਪੁੱਤਰ ਜੋਗਿੰਦਰ ਸਿੰਘ ਅਤੇ ਨਾਲ ਬੈਠਾ ਨੌਜਵਾਨ ਅਮਰਜੀਤ ਸਿੰਘ ਪੁੱਤਰ ਬਿੱਕਰ ਸਿੰਘ (ਦੋਵੇਂ) ਵਾਸੀ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਸਵਾਰ ਸਨ। ਕਾਰ ਦੀ ਤਲਾਸ਼ੀ ਲੈਣ ’ਤੇ ਪਿੱਛਲੀ ਸੀਟ ਤੋਂ 3 ਬੋਰੇ ਪਲਾਸਟਿਕ ਅਤੇ ਕਾਰ ਦੀ ਡਿੱਗੀ ਵਿੱਚੋਂ 2 ਬੋਰੇ ਪਲਾਸਟਿਕ ਵਜਨਦਾਰ ਬਰਾਮਦ ਹੋਏ। ਬੋਰਿਆਂ ਦੀ ਜਾਂਚ ਕਰਨ ’ਤੇ ਹਰੇਕ ਬੋਰੇ ਵਿੱਚੋਂ 25-25 ਕਿਲੋਗ੍ਰਾਮ ਕੁੱਲ 1 ਕੁਇੰਟਲ 25 ਕਿਲੋਗ੍ਰਾਮ ਡੋਡੇ ਚੂਰਾ-ਪੋਸਤ ਬਰਾਮਦ ਹੋਏ। ਇੰਨਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਰੇਲਵੇ ਫਾਟਕ ਮਲਸੀਆਂ ਪੁੱਜ ਕੇ ਟਰੱਕ ਐੱਲ.ਪੀ. ਨੰਬਰ ਜੇ.ਕੇ.-01-ਜੀ-5292 ਵਿੱਚੋਂ ਟਰੱਕ ਦੇ ਡਰਾਈਵਰ ਮੁਹੰਮਦ ਅਲਤਾਫ ਪੁੱਤਰ ਗੁਲਾਮ ਹਸਨ ਵਾਸੀ ਆਚੀਡੋਰਾ ਥਾਣਾ ਆਨੰਤਨਾਗ ਰਾਜ ਜੰਮੂ-ਕਸ਼ਮੀਰ ਨੂੰ ਕਾਬੂ ਕੀਤਾ ਅਤੇ ਇਸਦੇ ਟਰੱਕ ਦੀ ਤਲਾਸ਼ੀ ਲੈਣ ’ਤੇ ਟਰੱਕ ਵਿੱਚੋਂ ਤਰਪਾਲ ਹੇਠੋਂ 4 ਬੋਰੇ ਪਲਾਸਟਿਕ 25-25 ਕਿਲੋਗ੍ਰਾਮ ਕੁੱਲ 1 ਕੁਇੰਟਲ ਡੋਡੇ ਚੂਰਾ-ਪੋਸਤ ਬਰਾਮਦ ਹੋਏ। ਪੁੱਛਗਿੱਛ ਦੌਰਾਨ ਮਲਕੀਤ ਸਿੰਘ ਉਰਫ ਕਾਕਾ (40) ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ ਅਤੇ ਅੱਜ ਉਹ ਅਮਰਜੀਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ, ਨੂੰ ਨਾਲ ਲੈ ਕੇ ਮੁਹੰਮਦ ਅਲਤਾਫ ਕੋਲੋਂ ਡੋਡੇ ਚੂਰਾ-ਪੋਸਤ ਲੈ ਕੇ ਆਇਆ ਸੀ ਤੇ ਉਹ ਦੋਨੋਂ ਜਾਣੇ ਡੋਡੇ ਚੂਰਾ ਪੋਸਤ ਲੈ ਕੇ ਵਾਪਸ ਪਿੰਡ ਬਾਜਵਾ ਕਲਾਂ ਵੱਲ ਨੂੰ ਜਾ ਰਹੇ ਸਨ, ਜੋ ਥੋੜੇ-ਥੋੜੇ ਕਰਕੇ ਅੱਗੇ ਗਾਹਕਾਂ ਨੂੰ ਸਪਲਾਈ ਕਰਨੇ ਸਨ। ਪੁੱਛਗਿੱਛ ਦੌਰਾਨ ਮੁਹੰਮਦ ਅਲਤਾਫ ਨੇ ਦੱਸਿਆ ਕਿ ਉਹ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ ਅਤੇ ਟਰੱਕ ਡਰਾਈਵਰੀ ਕਰਦਾ ਹੈ। ਜਦੋਂ ਵੀ ਪੰਜਾਬ ਗੇੜਾ ਲਗਾਉਦਾ ਹੈ ਤੇ ਡੋਡੇ ਚੂਰਾ ਪੋਸਤ ਲੈ ਆਉਦਾ ਹੈ ਅਤੇ ਪੰਜਾਬ ਵਿੱਚ ਆਪਣੇ ਗਾਹਕਾਂ ਨਾਲ ਫੋਨ ’ਤੇ ਸੰਪਰਕ ਕਰਕੇ ਸਪਲਾਈ ਕਰ ਦਿੰਦਾ ਹੈ। ਉਹ ਇਹ ਡੋਡੇ ਕਾਜੀ ਮੁੰਡ ਮੀਰ ਬਜਾਰ (ਜੰਮੂ-ਕਸ਼ਮੀਰ) ਤੋਂ ਲੈ ਕੇ ਆਇਆ ਸੀ। ਉਨਾਂ ਦੱਸਿਆ ਕਿ ਇੰਨਾਂ ਨੂੰ ਕੱਲ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।