ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸਥਾਨਕ ਸਮੇਂ ਅਨੁਸਾਰ ਅੱਜ ਸਵੇਰੇ 7.45 ਵਜੇ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਇੱਕ ਗੁਰਦੁਆਰੇ ‘ਤੇ ਹਮਲਾ ਕਰ ਦਿੱਤਾ। ਅਲਜਜ਼ੀਰਾ ਦੀ ਖਬਰ ਅਨੁਸਾਰ ਇਹ ਹਮਲਾ ਹੋਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਕਮਾਨ ਸਾਂਭ ਲਈ ਹੈ ਅਤੇ ਅੱਤਵਾਦੀਆਂ ਦਾ ਮੂੰਹ ਤੋੜ ਜਵਾਬ ਦਿੱਤਾ।

ਉੱਥੋਂ ਦੀ ਲੋਕਲ ਮੀਡੀਆ ਤੋਂ ਮਿਲ ਰਹੀਆਂ ਖਬਰਾਂ ਅਨੁਸਾਰ ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਕਰੀਬ 11 ਮੌਤਾਂ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਤੇ 200 ਦੇ ਕਰੀਬ ਲੋਕ ਫਸੇ ਹੋਣ ਸਬੰਧੀ ਕਿਹਾ ਜਾ ਰਿਹਾ ਹੈ।

ਉੱਥੇ ਹੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਦੀਆਂ ਕਿਹਾ ਕਿ, “ਕਾਬੁਲ ਦੇ ਇੱਕ ਗੁਰੂਦੁਆਰਾ ਸਾਹਿਬ ਉੱਤੇ ਹੋਏ ਆਤਮਘਾਤੀ ਹਮਲੇ ਦੀ ਸਖਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਇਹ ਕਤਲੇਆਮ ਉਨ੍ਹਾਂ ਅੱਤਿਆਚਾਰਾਂ ਦਾ ਯਾਦ ਤਾਜ਼ਾ ਕਰਵਾਉਂਦਾ ਹੈ ਕਿ ਜੋ ਕੁੱਝ ਦੇਸ਼ਾਂ ਵਿੱਚ ਧਾਰਮਿਕ ਘੱਟ ਗਿਣਤੀਆਂ ਉੱਤੇ ਲਗਾਤਾਰ ਜ਼ੁਲਮ ਹੋ ਰਹੇ ਹਨ ਅਤੇ ਜਰੂਰਤ ਹੈ ਕਿ ਉਹਨਾਂ ਦੀਆਂ ਜ਼ਿੰਦਗੀਆਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ।”