ਫਗਵਾੜਾ ( ਡਾ ਰਮਨ ) ਬਲਾਕ ਕਾਂਗਰਸ ਫਗਵਾੜਾ ਵਲੋਂ ਅੱਜ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਦੀ ਅਗਵਾਈ ਹੇਠ ਫਗਵਾੜਾ-ਜਲੰਧਰ ਜੀ.ਟੀ. ਰੋਡ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਯੁਨੀਵਰਿਸਟੀ ਦੇ ਪ੍ਰਬੰਧਕਾਂ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ। ਇਸ ਦੌਰਾਨ ਬਲਾਕ ਪ੍ਰਧਾਨ ਸੰਜੀਵ ਬੁੱਗਾ ਨੇ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਸਬੰਧੀ ਨਿਰਦੇਸ਼ਾਂ ਦੀ ਘੋਰ ਉਲੰਘਣਾ ਕਰਦਿਆਂ ਨਾ ਸਿਰਫ ਹਜ਼ਾਰਾਂ ਵਿਦਿਆਰਥੀਆਂ, ਬਲਕਿ ਫਗਵਾੜਾ ਅਤੇ ਜਲੰਧਰ ਦੇ ਲੋਕਾਂ ਦੀ ਜਾਨ ਨੂੰ ਵੀ ਖ਼ਤਰੇ ਵਿਚ ਪਾਇਆ ਹੈ ਕਿਉਂਕਿ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਨੇ ਰਾਜ ਦੇ ਸਾਰੇ ਉੱਚ ਵਿਦਿਅਕ ਅਦਾਰਿਆਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਅਤੇ ਕੈਂਪਸ ਨੂੰ 13 ਮਾਰਚ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਰ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਦੇਸ਼-ਵਿਦੇਸ਼ ਵਿੱਚ 3200 ਵਿਦਿਆਰਥੀਆਂ ਅਤੇ ਕੈਂਪਸ ਵਿੱਚ ਕਈ ਵਿਭਾਗਾਂ ਦੇ ਸਟਾਫ ਨੂੰ ਰੱਖਿਆ ਅਤੇ ਪ੍ਰਸ਼ਾਸਨ ਨੂੰ ਵੀ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਵਿਦਿਅਕ ਅਦਾਰੇ ਨੂੰ ਬੰਦ ਕਰਨ ਦੇ ਨਿਰਦੇਸ਼ ਦੇ ਬਾਅਦ ਯੂਨੀਵਰਸਿਟੀ ਪ੍ਰਬੰਧਕਾਂ ਪਾਸ 22 ਮਾਰਚ ਨੂੰ ਤਾਲਾਬੰਦੀ ਅਮਲ ਵਿਚ ਆਉਣ ਵਿਚਾਲੇ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਸੀ। ਜਿਸ ਦੌਰਾਨ ਕੈਂਪਸ ਖਾਲੀ ਕਰਵਾਇਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ ਜੋ ਸੰਗੀਨ ਜੁਰਮ ਹੈ। ਸੰਜੀਵ ਬੁੱਗਾ ਤੋਂ ਇਲਾਵਾ ਸਾਬਕਾ ਬਲਾਕ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਰਾਮਪਾਲ ਉੱਪਲ, ਵਿਨੋਦ ਵਰਮਾਨੀ, ਦਰਸ਼ਨ ਲਾਲ ਧਰਮਸੋਤ, ਗੁਰਦੀਪ ਦੀਪਾ, ਜਤਿੰਦਰ ਵਰਮਾਨੀ, ਓਮ ਪ੍ਰਕਾਸ਼ ਬਿੱਟੂ ਤੋਂ ਇਲਾਵਾ ਸਰਪੰਚ ਸਰਵਣ ਸਿੰਘ ਚਹੇੜੂ, ਸੁਖਵਿੰਦਰ ਸਿੰਘ ਸਰਪੰਚ ਮਹੇੜੂ ਅਤੇ ਕਰਮਜੀਤ ਕੰਮਾ ਯੂਥ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਨੇ ਯੁਨੀਵਰਸਿਟੀ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਦਿੱਲੀ ਦੇ ਤਬਲੀਗੀ ਮਰਕਜ ਦੇ ਮੋਲਾਨਾ ਸਾਦ ਦੀ ਤਰ੍ਹਾਂ ਗੈਰ ਇਰਾਦਾ-ਏ-ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁਰਜੋਰ ਅਪੀਲ ਕੀਤੀ ਕਿ ਇਸ ਯੂਨੀਵਰਸਿਟੀ ਦੀ ਮਾਨਤਾ ਰੱਦ ਕੀਤੀ ਜਾਵੇ।