(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆਂ,ਕਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਹਸਪਤਾਲ ਵਿੱਚ ਸ਼ੱਕੀ ਮਰੀਜਾਂ ਨੂੰ ਰੱਖਣ ਦੇ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਡਾ. ਸੰਜੀਵ ਸ਼ਰਮਾ ਐਸ.ਡੀ.ਐਮ. ਸ਼ਾਹਕੋਟ ਵੱਲੋਂ ਸਿਵਲ ਹਸਪਤਾਲ (ਸੀ.ਐਚ.ਸੀ.) ਸ਼ਾਹਕੋਟ ਵਿਖੇ ਬਣਾਏ ਗਏ ਆਇਸੋਲੇਸ਼ਨ ਵਾਰਡ ਅਤੇ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਐਸ.ਡੀ.ਐਮ ਨੂੰ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫਲੂ ਦੇ ਸ਼ੱਕੀ ਮਰੀਜਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਾਵਧਾਨੀ ਵਰਤਣ ਤੇ ਜਾਗਰੂਕ ਕਰਨ ਲਈ ਕਾਰਵਾਈਆਂ ਚਲ ਰਹੀਆਂ ਹਨ। ਇਸ ਦੇ ਨਾਲ ਹੀ ਹਸਪਤਾਲ ਵਿੱਚ ਚਾਰ ਬੈੱਡ ਦਾ ਆਇਸੋਲੇਸ਼ਨ ਵਾਰਡ ਬਣਾਇਆ ਗਿਆ ਹੈ, ਜਿਸ ਵਿੱਚ ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਭਰਤੀ ਕਰਕੇ ਉਸਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸਟਾਫ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਸਾਧਨ ਵੀ ਉਪਲਬਧ ਕਰਵਾਏ ਗਏ ਹਨ।
ਇਸ ਮੌਕੇ ਐਸ.ਡੀ.ਐਮ. ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਆਪਾਤ ਹਲਾਤਾਂ ਤੋਂ ਨਜਿੱਠਣ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਪਰ ਲੋਕਾਂ ਨੂੰ ਆਪ ਮੁਹਾਰੇ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। ਲੋਕਾਂ ਨੂੰ ਵੱਧ ਤੋਂ ਵੱਧ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਜਨਤਕ ਥਾਵਾਂ ਤੇ ਜਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਵਿੱਚ ਫਲੂ ਵਰਗੇ ਲੱਛਣ ਦਿਖਾਈ ਦੇਣ, ਤਾਂ ਉਹ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨ, ਤਾਂ ਜੋ ਮੌਕੇ ਸਿਰ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ। ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸੁੱਕੀ ਖੰਗ, ਸਾਂਹ ਲੈਣ ਵਿੱਚ ਤਕਲੀਫ ਵਰਗੀਆਂ ਪਰੇਸ਼ਾਨੀਆਂ ਹੋਣ, ਤਾਂ ਉਸਨੂੰ ਇਲਾਜ ਸ਼ੁਰੂ ਕੀਤੇ ਜਾਣ ਤੱਕ ਜਨਤਕ ਸਥਾਨਾਂ ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਜਿੰਨਾਂ ਸੰਭਵ ਹੋ ਸਕੇ, ਭੀੜਭਾੜ ਵਾਲੀਆਂ ਥਾਵਾਂ ਤੇ ਜਾਣ ਅਤੇ ਸਫਰ ਕਰਨ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ। ਵਾਇਰਸ ਤੋਂ ਬਚਾਅ ਲਈ ਸਾਫ-ਸਫਾਈ ਦਾ ਵਧੇਰੇ ਧਿਆਨ ਰੱਖਣ ਦੀ ਲੋੜ ਹੈ। ਹੱਥਾਂ ਦੀ ਵੱਧ ਤੋਂ ਵੱਧ ਸਫਾਈ ਰੱਖਣ। ਆਪਣੇ ਮੁੰਹ ਜਾਂ ਨੱਕ ਨੂੰ ਵਾਰ-ਵਾਰ ਨਾ ਛੁੁਣ, ਕਿਉਂਕਿ ਵਾਇਰਸ ਮੂੰਹ ਤੇ ਨੱਕ ਰਾਹੀਂ ਹੀ ਸਰੀਰ ਵਿੱਚ ਦਾਖਲ ਹੁੰਦਾ ਹੈ।

ਰੂਰਲ ਮੈਡੀਕਲ ਅਫਸਰਾਂ ਨੂੰ ਦਿੱਤੀ ਗਈ ਮੁੱਢਲੀ ਜਾਂਚ ਦੀ ਜ਼ਿੰਮੇਵਾਰੀ: ਡਾ. ਦੁੱਗਲ

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਵੱਲੋਂ ਰੂਰਲ ਮੈਡੀਕਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਪਿੰਡ ਪੱਧਰ ਤੋਂ ਕਰੋਨਾ ਦੇ ਸ਼ੱਕੀ ਮਰੀਜਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਹੁਣ ਅਜਿਹੇ ਸ਼ੱਕੀ ਮਰੀਜਾਂ ਦੀ ਮੁੱਢਲੀ ਜਾਂਚ ਇਨ੍ਹਾਂ ਡਾਕਟਰਾਂ ਵੱਲੋਂ ਕੀਤੀ ਜਾਵੇਗੀ ਅਤੇ ਜੇਕਰ ਮਰੀਜ਼ ਨੂੰ ਹਸਪਤਾਲ ਭਰਤੀ ਕਰਵਾਉਣ ਦੀ ਲੋੜ ਹੁੰਦੀ ਹੈ, ਤਾਂ ਉਸਨੂੰ ਰੈਫਰ ਕੀਤਾ ਜਾਵੇਗਾ।