Home Punjabi-News ਕਰਫਿਊ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ‘ਚ ਹੋ ਰਿਹਾ ਪੱਖਪਾਤ...

ਕਰਫਿਊ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ‘ਚ ਹੋ ਰਿਹਾ ਪੱਖਪਾਤ – ਪਰਮਜੀਤ ਚਾਚੋਕੀ

* ਕਾਂਗਰਸੀ ਆਗੂਆਂ ਤੇ ਲਾਇਆ ਆਪਣੇ ਘਰ ਭਰਨ ਦਾ ਦੋਸ਼
* ਅਕਾਲੀ-ਭਾਜਪਾ ਕੌਂਸਲਰਾਂ ਨੂੰ ਦਿੱਤੀਆਂ ਥੈਲੀਆਂ ਲਈਆਂ ਵਾਪਸ
ਫਗਵਾੜਾ ( ਡਾ ਰਮਨ /ਅਜੇ ਕੋਛੜ ) ਭਾਰਤੀ ਜਨਤਾ ਪਾਰਟੀ ਮੰਡਲ ਫਗਵਾੜਾ ਦੇ ਪ੍ਰਧਾਨ ਪਰਮਜੀਤ ਸਿੰਘ ਚਾਚੋਕੀ ਨੇ ਕਰਫਿਊ ਪ੍ਰਭਾਵਿਤ ਗਰੀਬ ਲੋੜਵੰਦ ਪਰਿਵਾਰਾਂ ਨੂੰ ਕੀਤੀ ਜਾ ਰਹੀ ਰਾਸ਼ਨ ਦੀ ਵੰਡ ਵਿਚ ਕਾਂਗਰਸ ਪਾਰਟੀ ਦੀ ਸ਼ਹਿ ਤੇ ਪ੍ਰਸ਼ਾਸਨ ਵਲੋਂ ਪੱਖਪਾਤ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਉਨ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਅਤੇ ਅਕਾਲੀ-ਭਾਜਪਾ ਕੌਂਸਲਰਾਂ ਦੀ ਹਾਜਰੀ ਵਿਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਭੇਜੀ ਸਹਾਇਤਾ ਰਾਸ਼ੀ ਦੇ ਜੋਰ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਫਗਵਾੜਾ ਹਲਕੇ ਵਿਚ ਗਰੀਬ ਤੇ ਲੋੜਵੰਦ ਲੋਕਾਂ ਨੂੰ ਵੰਡਣ ਲਈ ਜੋ 15 ਹਜਾਰ ਰਾਸ਼ਨ ਦੇ ਪੈਕੇਟ ਭੇਜੇ ਸੀ ਇਹ ਰਾਸ਼ਨ ਪ੍ਰਸ਼ਾਸਨ ਵਲੋਂ ਪਾਰਟੀ ਬਾਜੀ ਤੋਂ ਪਰੇ ਹਟ ਕੇ ਬੀ.ਐਲ.ਓਜ ਰਾਹੀਂ ਲੋੜਵੰਦਾਂ ਨੂੰ ਵੰਡਿਆ ਜਾਣਾ ਸੀ ਪਰ ਕਾਂਗਰਸੀ ਆਗੂਆਂ ਅਤੇ ਕੌਂਸਲਰਾਂ ਨੇ ਸਾਰਾ ਰਾਸ਼ਨ ਆਪਣੇ ਘਰਾਂ ਵਿਚ ਦੱਬ ਲਿਆ ਹੈ। ਅਕਾਲੀ-ਭਾਜਪਾ ਕੌਂਸਲਰਾਂ ਨੂੰ ਵੰਡਣ ਲਈ ਦਿੱਤੀਆਂ ਰਾਸ਼ਨ ਦੀਆਂ ਥੈਲੀਆਂ ਇਹ ਕਹਿ ਕੇ ਵਾਪਸ ਲੈ ਲਈਆਂ ਗਈਆਂ ਹਨ ਕਿ ਇਹ ਰਾਸ਼ਨ ਕਾਂਗਰਸੀ ਆਗੂਆਂ ਵਲੋਂ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋੜਵੰਦਾਂ ਤੋਂ ਬੇਪਰਵਾਹ ਹੋ ਕੇ ਹਲਕਾ ਵਿਧਾਇਕ ਦੇ ਦਬਾਅ ਹੇਠ ਕੰਮ ਕਰ ਰਿਹਾ ਪ੍ਰਤੀਤ ਹੁੰਦਾ ਹੈ ਜੋ ਕਿ ਨਿੰਦਣਯੋਗ ਕਾਰਗੁਜਾਰੀ ਹੈ। ਉਨ੍ਹਾਂ ਬਹੁਤ ਸਾਰੇ ਨੀਲੇ ਕਾਰਡ ਰੱਦ ਕੀਤੇ ਜਾਣ ਦਾ ਦੋਸ਼ ਵੀ ਲਾਇਆ ਅਤੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਦੌਰ ਵਿਚ ਵੀ ਕਾਂਗਰਸ ਪਾਰਟੀ ਸਿਆਸਤ ਕਰ ਰਹੀ ਹੈ। ਜਿਹਨਾਂ ਵਾਰਡਾਂ ਵਿਚ ਅਕਾਲੀ-ਭਾਜਪਾ ਦੇ ਕੌਂਸਲਰ ਹਨ ਉਨ੍ਹਾਂ ਵਾਰਡਾਂ ਦੇ ਲੋੜਵੰਦ ਪਰਿਵਾਰ ਸਰਕਾਰੀ ਸਹਾਇਤਾ ਨੂੰ ਤਰਸ ਰਹੇ ਹਨ ਕਿਉਂਕਿ ਕਾਂਗਰਸੀ ਆਗੂ ਸਿਰਫ ਆਪਣੀ ਮਨ ਮਰਜੀ ਨਾਲ ਆਪਣੇ ਚਹੇਤਿਆਂ ਨੂੰ ਰਾਸ਼ਨ ਦੀ ਵੰਡ ਕਰ ਹਨ ਜਿਹਨਾਂ ਵਿਚ ਅਜਿਹੇ ਪਰਿਵਾਰ ਵੀ ਸ਼ਾਮਲ ਹਨ ਜੋ ਆਰਥਕ ਪੱਖੋਂ ਕਮਜੋਰ ਨਹੀਂ ਹਨ। ਭਾਜਪਾ ਮੰਡਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਇਹ ਸਾਰਾ ਕੁੱਝ ਨੇੜਲੇ ਭਵਿੱਖ ਵਿਚ ਆਉਣ ਵਾਲੀਆਂ ਫਗਵਾੜਾ ਨਗਰ ਨਿਗਮ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਕਰ ਰਹੀ ਹੈ ਜਦਕਿ ਅਕਾਲੀ-ਭਾਜਪਾ ਦੇ ਵਾਰਡਾਂ ਵਿਚ ਗਰੀਬ ਲੋਕ ਭੁੱਖੇ ਮਰ ਰਹੇ ਹਨ ਜਿਹਨਾਂ ਨੂੰ ਕੌਂਸਲਰ ਅਤੇ ਅਕਾਲੀ-ਭਾਜਪਾ ਆਗੂ ਆਪਣੇ ਵਲੋਂ ਭੋਜਨ ਤੇ ਰਾਸ਼ਨ ਇਕੱਠਾ ਕਰਕੇ ਦੇ ਰਹੇ ਹਨ। ਲਾਕਡਾਉਨ ਕਰਫਿਊ ਦੇ ਵੀਹ ਦਿਨ ਬਾਅਦ ਵੀ ਸੂਬੇ ਦੀ ਕਾਂਗਰਸ ਸਰਕਾਰ ਲੋੜਵੰਦਾਂ ਨੂੰ ਰਾਸ਼ਨ ਦੀ ਰਾਹਤ ਪਹੁੰਚਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ।