* ਕਿਹਾ – ਦੇਸ਼ ‘ਚ ਵੱਧਦੇ ਕੋਰੋਨਾ ਕੇਸ ਚਿੰਤਾ ਦਾ ਵਿਸ਼ਾ
ਫਗਵਾੜਾ (ਡਾ ਰਮਨ /ਅਜੇ ਕੋਛੜ) ਫਗਵਾੜਾ ਵਿਚ ਕਰਫਿਊ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਸਬੰਧੀ ਢੁਕਵੇਂ ਪ੍ਰਬੰਧਾਂ ਦੀ ਰਣਨੀਤੀ ਤਹਿਤ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਨਾਲ ਮੀਟਿੰਗ ਕੀਤੀ। ਜਿਸ ਵਿਚ ਏ.ਡੀ.ਸੀ. ਕਮ ਨਿਗਮ ਕਮੀਸ਼ਨਰ ਰਾਜੀਵ ਵਰਮਾ, ਐਸ.ਡੀ.ਐਮ. ਗੁਰਵਿੰਦਰ ਸਿੰਘ ਜੋਹਲ ਤੋਂ ਇਲਾਵਾ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਅਤੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਪਿੰਡਾਂ ‘ਚ ਕਰਫਿਊ ਨੂੰ ਸਫਲਤਾ ਪੂਰਵਕ ਲਾਗੂ ਕਰਨ ਅਤੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਠੀਕਰੀ ਪਹਿਰੇ ਲਗਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਦੇਸ਼ ਵਿਚ ਪਿਛਲੇ ਕੁੱਝ ਹੀ ਦਿਨਾਂ ‘ਚ ਜਿਸ ਤਰ੍ਹਾਂ ਨਾਲ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਸੈਂਕੜਿਆਂ ਦੀ ਤਾਦਾਦ ਵਿਚ ਵਧੀ ਹੈ ਉਹ ਭਾਰੀ ਚਿੰਤਾ ਦਾ ਵਿਸ਼ਾ ਹੈ। ਇਹ ਬਹੁਤ ਹੀ ਖਤਰਨਾਕ ਬਿਮਾਰੀ ਹੈ ਜਿਸ ਤੋਂ ਬਚਣ ਦਾ ਸਭ ਤੋਂ ਕਾਰਗਰ ਤਰੀਕਾ ਇਹੋ ਹੈ ਕਿ ਅਸੀਂ ਸੋਸ਼ਲ ਡਿਸਟੈਂਸ ਨੂੰ ਸਖਤੀ ਨਾਲ ਲਾਗੂ ਕਰੀਏ। ਪਿੰਡਾਂ ਵਿਚ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੰਚਾਇਤਾਂ ਦੀ ਮੱਦਦ ਨਾਲ ਠੀਕਰੀ ਪਹਿਰੇ ਲਗਾਏ ਜਾਣਗੇ। ਜਿਸ ਨਾਲ ਲੋਕਾਂ ਦੇ ਪਿੰਡ ਤੋਂ ਬਾਹਰ ਜਾਣ ਉਪਰ ਰੋਕ ਲੱਗੇਗੀ ਅਤੇ ਹਰ ਪੰਚਾਇਤ ਇਹ ਯਕੀਨੀ ਬਣਾਏਗੀ ਕਿ ਲੋਕ ਬਹੁਤ ਜਿਆਦਾ ਜਰੂਰਤ ਤੋਂ ਬਗੈਰ ਘਰੋਂ ਬਾਹਰ ਨਾ ਨਿਕਲਣ। ਇਸ ਮੌਕੇ ਡੇ.ਐਫ.ਐਸ.ਓ. ਅਸ਼ੋਕ ਕੁਮਾਰ, ਜਗਜੀਵਨ ਰਾਮ ਉਪ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਤੋਂ ਇਲਾਵਾ ਕੌਂਸਲਰ ਜਤਿੰਦਰ ਵਰਮਾਨੀ, ਦਰਸ਼ਨ ਲਾਲ ਧਰਮਸੋਤ, ਬੰਟੀ ਵਾਲੀਆ ਆਦਿ ਹਾਜਰ ਸਨ।