ਨਕੋਦਰ (ਟੋਨੀ)

ਪੰਜਾਬ ਸਰਕਾਰ ਵੱਲੋਂ ਸੂਬਾ ਭਰ ਵਿੱਚ ਲਾਗੂ ਕੀਤੇ ਗਏ ਕਰਫਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤੂਆਂ ਜਿਵੇਂ ਸਬਜੀਆਂ, ਦੁੱਧ, ਕਰਿਆਨਾ ਆਦਿ ਮੁਹੱਈਆਂ ਕਿਵੇਂ ਕਰਵਾਈਆਂ ਜਾਣ, ਸਬੰਧੀ ਜਲੰਧਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਸੀ ਕਿ ਲੋਕਾਂ ਨੂੰ ਘਰ ਘਰ ਜ਼ਰੂਰੀ ਚੀਜ਼ਾਂ ਪਹੁੰਚਾਉਣ ਦਾ ਪਲੈਨ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਜਲਦੀ ਹੀ ਅਮਲ ਵਿੱਚ ਲਿਆ ਕੇ ਲੋਕਾਂ ਤੱਕ ਜ਼ਰੂਰੀ ਵਸਤੂਆਂ ਦੀ ਪਹੁੰਚ ਕੀਤੀ ਜਾਵੇਗੀ। ਇਸ ਦੌਰਾਨ ਅੱਜ ਡੀ.ਐਸ.ਪੀ. ਸਰਬਜੀਤ ਰਾਏ, ਐਸ.ਐਚ.ਓ. ਅਮਨ ਸੈਣੀ ਥਾਣਾ ਸਿੱਟੀ ਨਕੋਦਰ ਅਤੇ ਹੋਰ ਅਧਿਕਾਰੀਆਂ ਨੇ ਸਬਜੀ ਮੰਡੀ ਨਕੋਦਰ ਤੋਂ ਸਬਜੀਆਂ ਦੀਆਂ ਰੇਹੜ੍ਹੀਆਂ ਨੂੰ ਬਕਾਇਦਾ ਪਾਸ ਜਾਰੀ ਕਰ ਲੋਕਾਂ ਤੱਕ ਸਬਜੀਆਂ ਘਰ-ਘਰ ਪਹੁੰਚਾਉਣ ਲਈ ਰਵਾਨਾ ਕੀਤਾ। ਸ. ਸਰਬਜੀਤ ਰਾਏ ਡੀ.ਐਸ.ਪੀ. ਨੇ ਕਿਹਾ ਕਿ ਇਹ ਰੇਹੜ੍ਹੀਆਂ ਹਰ ਇਕ ਗਲੀ, ਮੁਹੱਲੇ ਵਿੱਚ ਜਾ ਕੇ ਲੋਕਾਂ ਦੇ ਦਰਵਾਜੇ ਖੜਕਾਕੇ ਲੋਕਾਂ ਨੂੰ ਸਬਜੀਆਂ ਦੇਣਗੇ, ਪਰ ਲੋਕਾਂ ਨੂੰ ਅਪੀਲ ਹੈ ਕਿ ਇਹਨਾਂ ਰੇਹੜ੍ਹੀਆਂ ਕੋਲ ਇਕੱਠ ਨਾ ਕੀਤਾ ਜਾਵੇ। ਇਕ ਇਕ ਵਿਅਕਤੀ ਹੀ ਸਬਜੀ ਲਵੇ।