ਫਗਵਾੜਾ (ਡਾ ਰਮਨ/ਅਜੇ ਕੋਛੜ) ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੂਰੇ ਦੇਸ਼ ਵਿਚ ਲਾਗੂ ਕੀਤੇ ਲਾਕ ਡਾਊਨ ਦੌਰਾਨ ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਲੋਕਾਂ ਦੀ ਸੇਵਾ ਸਹਾਇਤਾ ਲਈ ਵਿਸ਼ੇਸ਼ ਮੁਹਿਮ ਅਰੰਭੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਦੱਸਿਆ ਕਿ ਬੁਧਵਾਰ ਨੂੰ ਪੰਜਾਬ ਦੇ ਸਾਰੇ ਹੀ ਜ਼ਿਲ੍ਹਾ ਪ੍ਰਧਾਨਾ ਅਤੇ ਆਫਿਸ ਬੇਰਿਅਰਸ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਅਤੇ ਲੋਕਾਂ ਦੀ ਮੱਦਦ ਲਈ ਪਾਰਟੀ ਵਲੋਂ ਵਿੰਢੀ ਮੁਹਿਮ ਦੀ ਵੀ ਸਮੀਖਿਆ ਕੀਤੀ ਗਈ ਉਨ੍ਹਾਂ ਦੱਸਿਆ ਕਿ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਜੇ.ਪੀ. ਨੱਡਾ ਨੇ ਹਰ ਪਾਰਟੀ ਵਰਕਰ ਦੀ ਡਿਊਟੀ ਲਗਾਈ ਹੈ ਕਿ ਲਾਕ ਡਾਊਨ ਪੀਰੀਅਡ ਦੌਰਾਨ ਹਰ ਵਰਕਰ ਘੱਟ ਤੋਂ ਘੱਟ ਪੰਜ ਲੋੜਵੰਦਾਂ ਦੀ ਸੰਭਵ ਸਹਾਇਤਾ ਕਰੇ। ਇਸ ਤੋਂ ਇਲਾਵਾ ਪ੍ਰਾਈਮ ਮਿਨਿਸਟਰ ਕੇਅਰ ਫੰਡ ਵਿਚ ਘੱਟ ਤੋਂ ਘੱਟ ਸੌ ਰੁਪਏ ਦਾ ਅੰਸ਼ ਦਾਨ ਕਰਨ ਦੀ ਅਪੀਲ ਰਾਸ਼ਟਰੀ ਪ੍ਰਧਾਨ ਵਲੋਂ ਕੀਤੀ ਗਈ ਹੈ ਜਿਸ ਨੂੰ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਰਾਜੇਸ਼ ਬਾਘਾ ਨੇ ਇਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁਰਜੋਰ ਮੰਗ ਕੀਤੀ ਕਿ ਕਰਫਿਊ ਲਾਗੂ ਹੋਣ ਨਾਲ ਲੋਕਾਂ ਨੂੰ ਬਹੁਤ ਆਰਥਕ ਨੁਕਸਾਨ ਹੋ ਰਿਹਾ ਹੈ ਇਸ ਲਈ ਕਰਫਿਊ ਦੌਰਾਨ ਦੇ ਬਿਜਲੀ ਦੇ ਬਿਲ ਮਾਫ ਕੀਤੇ ਜਾਣ। ਅਜਿਹਾ ਕਰਨ ਨਾਲ ਗਰੀਬ ਦਿਹਾੜੀਦਾਰ, ਸਧਾਰਣ ਨੌਕਰੀ ਪੇਸ਼ਾ ਅਤੇ ਛੋਟੇ ਦੁਕਾਨਦਾਰ ਵਰਗ ਦੇ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ।