ਸੁਲਤਾਨਪੁਰ ਲੋਧੀ , 27 ਮਾਰਚ (ਸੋਢੀ )ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਕੋਰੋਨਾਂ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਲੋਂ ਇਸ ਆਫ਼ਤ ਮੌਕੇ ਗੁਰਦੁਆਰਾ ਸਾਹਿਬ ਤੋਂ ਲੰਗਰ ਤਿਆਰ ਕਰਕੇ ਕਰਫਿਊ ਦੌਰਾਨ ਬੰਦ ਚ ਫਸੇ ਲੋਕਾਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ । ਅੱਜ ਇਸੇ ਲੜੀ ਤਹਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ ਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਦੀ ਅਗਵਾਈ ਚ ਸੁਲਤਾਨਪੁਰ ਲੋਧੀ ਰੂਰਲ (ਚੰਡੀਗੜ੍ਹ ਬਸਤੀ) ਅਤੇ ਹੋਰਨਾਂ ਇਲਾਕਿਆਂ ਚ ਗੁਰੂ ਕਾ ਲੰਗਰ ਵੰਡਿਆ ਗਿਆ । ਇਸ ਸਮੇ
ਕਰਫਿਊ ਦੌਰਾਨ ਵੱਖ ਵੱਖ ਨਾਕਿਆਂ ਤੇ ਡਿਊਟੀ ਕਰ ਰਹੇ ਪੁਲਿਸ ਕਰਮਚਾਰੀਆਂ ਨੂੰ ਵੀ ਗੁਰੂ ਕਾ ਲੰਗਰ ਛਕਾਇਆ ਗਿਆ । ਇਸ ਸਮੇ ਨਿੱਜੀ ਸਕੱਤਰ ਭਾਈ ਆਹਲੀ ਤੇ ਮੈਨੇਜਰ ਭਾਈ ਬੂਲੇ ਨੇ ਦੱਸਿਆ ਕਿ ਇਸ ਸੰਕਟ ਸਮੇਂ ਸ਼੍ਰੋਮਣੀ ਕਮੇਟੀ ਮਨੁੱਖੀ ਭਲਾਈ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਹੀ ਲੋੜਵੰਦਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਗੁਰੂ ਕਾ ਲੰਗਰ ਤੋਂ ਪੂਰੀ ਸਾਵਧਾਨੀ ਅਤੇ ਸਾਫ਼ ਸਫ਼ਾਈ ਨਾਲ ਲੰਗਰ ਤਿਆਰ ਕਰਕੇ ਪ੍ਰਸ਼ਾਸਨ ਦੀ ਸਹਿਮਤੀ ਨਾਲ ਲੋੜਵੰਦਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਬੰਦ ਦੌਰਾਨ ਫਸੇ ਲੋਕਾਂ ਤੋਂ ਇਲਾਵਾ ਹਸਪਤਾਲਾਂ ਵਿਚ ਇਲਾਜ ਅਧੀਨ ਲੋਕਾਂ ਲਈ ਵੀ ਇਹ ਸੇਵਾ ਜਾਰੀ ਹੈ। ਇਸ ਦੇ ਨਾਲ ਹੀ ਬੰਦ ਦੌਰਾਨ ਡਿਊਟੀਆਂ ਨਿਭਾਉਣ ਵਾਲੇ ਮੁਲਾਜ਼ਮਾਂ ਲਈ ਵੀ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰਦੁਆਰਾ ਬੇਰ ਸਾਹਿਬ ਜੀ ਦੇ ਲੰਗਰ ਤੋਂ ਗੱਡੀਆਂ ਰਾਹੀਂ ਵੱਖ ਵੱਖ ਇਲਾਕਿਆਂ ਲਈ ਲੰਗਰ ਭੇਜਣ ਦਾ ਪ੍ਰਬੰਧ ਕੀਤਾ ਜਵ ਰਿਹਾ ਹੈ।ਨਿੱਜੀ ਸਕੱਤਰ ਆਹਲੀ ਨੇ ਹੋਰ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਵਲੋਂ ਵੱਖ-ਵੱਖ ਗੁਰੂ ਘਰਾਂ ਦੇ ਮੈਨੇਜਰਾਂ ਨੂੰ ਇਹ ਆਦੇਸ਼ ਦਿੱਤੇ ਗਏ ਹਨ ਕਿ ਆਪੋ-ਆਪਣੇ ਇਲਾਕੇ ਅੰਦਰ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਲਈ ਸੇਵਾ ਦੇ ਕਾਰਜ ਚ ਜੁੱਟ ਜਾਣ । ਮੈਨੇਜਰ ਜਰਨੈਲ ਸਿੰਘ ਬੂਲੇ ਨੇ ਦੱਸਿਆ ਕਿ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਅਤੇ ਸੁਲਤਾਨਪੁਰ ਲੋਧੀ ਦੇ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਗੁਰ-ਮਰਯਾਦਾ ਨਿਰੰਤਰ ਚੱਲ ਰਹੀ ਹੈ ਅਤੇ ਜਿਹੜੀ ਵੀ ਸੰਗਤ ਕਿਸੇ ਵੀ ਤਰ੍ਹਾਂ ਇਥੇ ਪੁੱਜ ਰਹੀ ਹੈ ਉਸ ਨੂੰ ਨਸਮਸਤਕ ਹੋਣ ਵਿਚ ਕੋਈ ਰੋਕ ਟੋਕ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕਰਫਿਊ ਕਾਰਨ ਸੰਗਤ ਦੀ ਆਮਦ ਪ੍ਰਭਾਵਿਤ ਹੋਈ ਹੈ ਪਰ ਇਥੇ ਪੁੱਜਣ ਵਾਲੀ ਸੰਗਤ ਆਪਣੀ ਸ਼ਰਧਾ ਪ੍ਰਗਟਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬੇਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਲਈ ਹੁਣ ਵੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਤੇ ਸੰਗਤਾਂ ਦੇ ਪਹਿਲਾਂ ਡੀਟੋਲ ਸਾਬਣ ਨਾਲ ਹੱਥ ਧਵਾਉਣ ਤੋਂ ਬਾਅਦ ਸੈਨੀਟਾਈਜਰ ਨਾਲ ਹੱਥ ਸਾਫ ਕਰਵਾਈ ਜਾ ਰਹੇ ਹਨ। ਇਸ ਸਮੇ ਲੰਗਰ ਸੇਵਾ ਦੌਰਾਨ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ , ਕੁਲਦੀਪ ਸਿੰਘ ਬੂਲੇ , ਕਾਰਜ ਸਿੰਘ ਤਕੀਆ , ਗੁਰਦੁਆਰਾ ਬੇਰ ਸਾਹਿਬ ਦੇ ਐਡੀਸਨਲ ਮੈਨੇਜਰ ਸਰਬਜੀਤ ਸਿੰਘ , ਮੀਤ ਮੈਨੇਜਰ ਕੁਲਵੰਤ ਸਿੰਘ , ਆਰ ਕੇ ਭੁਪਿੰਦਰ ਸਿੰਘ , ਭਾਈ ਚੈਚਲ ਸਿੰਘ , ਭਾਈ ਸਰਵਨ ਸਿੰਘ ਚੱਕਾਂ , ਅਮਨਪ੍ਰੀਤ ਸਿੰਘ ਭੁੱਲਰ , ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਗ੍ਰੰਥੀ , ਤੇ ਹੋਰਨਾਂ ਸ਼ਿਰਕਤ ਕੀਤੀ ।